ਤਾਲਾਬੰਦੀ ਕਾਰਨ ਦੁਕਾਨਦਾਰ ਵਲੋਂ ਖੁਦਕੁਸ਼ੀ

ਬੋਹਾ : ਤਾਲਾਬੰਦੀ ਕਾਰਨ ਆਰਥਿਕ ਤੰਗੀ ਹੇਠ ਆਏ ਰਣਧੀਰ ਸਿੰਘ ਉਰਫ਼ ਬਿੱਟੂ ਪੁੱਤਰ ਰਾਜ ਸਿੰਘ ਵਾਸੀ ਬੋਹਾ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਲਈ। ਜਾਣਕਾਰੀ ਅਨੁਸਾਰ ਬੋਹਾ ਦਾ ਸੁਨਿਆਰ ਰਣਧੀਰ ਸਿੰਘ ਦੋ ਦਿਨ ਪਹਿਲਾਂ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਅੱਜ ਉਸ ਦੀ ਲਾਸ਼ ਹਰਿਆਣਾ ਦੇ ਪਿੰਡ ਔਢਾਂ ਨੇੜਿਓਂ ਲੰਘਦੀ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਹੈ।
ਪਰਿਵਾਰ ਅਨੁਸਾਰ ਰਣਧੀਰ ਸਿੰਘ ਤਾਲਾਬੰਦੀ ਦੌਰਾਨ ਘਰ ਵਿਚ ਵਿਹਲਾ ਬੈਠਾ ਸੀ। ਉਸ ਦਾ ਪਿਤਾ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਇਲਾਜ ਕਰਕੇ ਉਸ ਸਿਰ ਕਰਜ਼ਾ ਚੜ੍ਹ ਗਿਆ ਸੀ। ਤਾਲਾਬੰਦੀ ਦੌਰਾਨ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ, ਜਿਸ ਕਾਰਨ ਉਸ ਦੇ ਮਾਨਸਿਕ ਤਣਾਅ ਵਿਚ ਵਾਧਾ ਹੋ ਗਿਆ। ਉਸ ਕੋਲ ਅਗਲੇ ਸਾਲ ਲਈ ਦੁਕਾਨ ਦੇ ਕਿਰਾਏ ਦੀ ਗੁੰਜਾਇਸ਼ ਵੀ ਨਹੀਂ ਸੀ, ਜਿਸ ਕਾਰਨ ਦਸ ਕੁ ਦਿਨ ਪਹਿਲਾਂ ਉਹ ਦੁਕਾਨ ਖਾਲੀ ਕਰਕੇ ਸਮਾਨ ਘਰ ਲੈ ਆਇਆ ਸੀ। ਇਸ ਤਣਾਅ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਉਹ ਆਪਣੀ ਪਿੱਛੇ ਮਾਂ, ਪਤਨੀ ਤੇ ਦੋ ਧੀਆਂ ਛੱਡ ਗਿਆ ਹੈ।