ਨਿਰਮਲ ਸਿੰਘ ਖਾਲਸਾ ਦੀ ਮੌਤ ਸਬੰਧੀ ਦੋਸ਼ਾਂ ਦੀ ਜਾਂਚ ਸ਼ੁਰੂ

ਅੰਮ੍ਰਿਤਸਰ : ਭਾਈ ਨਿਰਮਲ ਸਿੰਘ ਖਾਲਸਾ ਦੀ ਕਰੋਨਾਵਾਇਰਸ ਕਾਰਨ ਹੋਈ ਮੌਤ ਦੀ ਸਬੰਧੀ ਲੱਗੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਜਾਂਚ ਟੀਮ ਦੀ ਅਗਵਾਈ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਸੌਂਪੀ ਗਈ। ਅੰਮ੍ਰਿਤਸਰ ਪੁਲੀਸ ਦੇ ਕਮਿਸ਼ਨਰ ਅਤੇ ਸਿਵਲ ਸਰਜਨ ਮੈਂਬਰ ਵਜੋਂ ਸ਼ਾਮਲ ਹਨ। ਹੁਣ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿੱਚ ਕਰੀਬ 25 ਵਿਅਕਤੀਆਂ ਨੂੰ ਸੰਮਨ ਭੇਜੇ ਹਨ। ਜਿਨ੍ਹਾਂ ਵਿੱਚ ਭਾਈ ਖਾਲਸਾ ਦੇ ਪਰਿਵਾਰਕ ਮੈਂਬਰ, ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜੇ ਕੁਝ ਅਧਿਕਾਰੀ ਅਤੇ ਕਰਮਚਾਰੀਆਂ ਸਮੇਤ ਵੇਰਕਾ ਦੇ ਕੁਝ ਲੋਕ ਵੀ ਸ਼ਾਮਲ ਹਨ। ਇਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਵਾਸਤੇ ਇਸ ਮਹੀਨੇ ਦੀਆਂ ਵੱਖ ਵੱਖ ਤਰੀਕਾਂ ’ਤੇ ਸੱਦਿਆ ਗਿਆ ਹੈ।
ਦੱਸਣਯੋਗ ਹੈ ਕਿ ਭਾਈ ਖਾਲਸਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਦਾ ਇਲਾਜ ਠੀਕ ਢੰਗ ਨਾਲ ਨਹੀਂ ਕੀਤਾ ਗਿਆ। ਇਲਾਜ ਦੌਰਾਨ ਲਾਪਰਵਾਹੀ ਵਰਤੀ ਗਈ ਹੈ, ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ ਹੈ। ਇਸ ਤੋਂ ਇਲਾਵਾ ਵੇਰਕਾ ਵਿਚ ਸਸਕਾਰ ਰੋਕਣ ਦਾ ਮਾਮਲਾ ਵੀ ਜਾਂਚ ਦੇ ਘੇਰੇ ਵਿੱਚ ਹੈ। ਭਾਈ ਖਾਲਸਾ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਆਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਕੋਈ ਇਲਾਜ ਨਾ ਕੀਤੇ ਜਾਣ ਅਤੇ ਊਣਤਾਈਆਂ ਦੇ ਦੋਸ਼ ਲਾਏ ਸਨ। ਭਾਈ ਖਾਲਸਾ ਦੀ ਮੌਤ ਮਗਰੋਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਬਾਕੀ ਮੈਂਬਰਾਂ ਨੂੰ ਹੋਰ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਸੀ।
ਇਸ ਮਾਮਲੇ ਵਿਚ ਸਰਕਾਰ ਵੱਲੋਂ ਬਣਾਈ ਗਈ ਇਹ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਦੇ ਸਸਕਾਰ ਲਈ ਨਾਂਹ ਕਰਨ ਵਾਲੇ ਦੁਰਗਿਆਣਾ ਮੰਦਰ ਸ਼ਮਸ਼ਾਨਘਾਟ ਅਤੇ ਚਾਟੀਵਿੰਡ ਨੇੜੇ ਸ਼ਮਸ਼ਾਨਘਾਟ ਸਬੰਧੀ ਵਿਵਾਦ ਦੀ ਵੀ ਜਾਂਚ ਕਰੇਗੀ। ਮ੍ਰਿਤਕ ਦੇਹ ਨੂੰ ਮਗਰੋਂ ਵੇਰਕਾ ਦੇ ਸ਼ਮਸ਼ਾਨਘਾਟ ਵਿਚ ਲੈ ਜਾਇਆ ਗਿਆ ਸੀ ਅਤੇ ਉਥੇ ਵੀ ਸਥਾਨਕ ਲੋਕਾਂ ਵਲੋਂ ਸਸਕਾਰ ਤੋਂ ਰੋਕ ਦਿੱਤਾ ਗਿਆ ਸੀ। ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਲਗਪਗ 25 ਜਣਿਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈੇ ਨੋਟਿਸ ਭੇਜੇ ਗਏ ਹਨ।