‘ਇੱਕ ਮੁਲਕ ਇੱਕ ਮੰਡੀ’ ਖ਼ਿਲਾਫ਼ ਕਿਸਾਨ ਜਥੇਬੰਦੀਆਂ ਇੱਕਜੁਟ

ਚੰਡੀਗੜ੍ਹ : ਪੰਜਾਬ ਦੀਆਂ ਖੱਬੇ-ਪੱਖੀ ਅਤੇ ਹੋਰਨਾਂ ਕਿਸਾਨ ਯੂਨੀਅਨਾਂ ਨੇ ਕੇਂਦਰ ਸਰਕਾਰ ਵੱਲੋਂ ‘ਇੱਕ ਮੁਲਕ ਇੱਕ ਮੰਡੀ’ ਦੇ ਸੰਕਲਪ ਨੂੰ ਲਾਗੂ ਕਰਨ ਖ਼ਿਲਾਫ਼ ਸੰਘਰਸ਼ ਛੇੜਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ ਜਥੇਬੰਦੀਆਂ ’ਚ ਭਾਵੇਂ ਵਿਚਾਰਕ ਮੱਤਭੇਦ ਹਨ ਪਰ ਇਹ ਇਸ ਮੁੱਦੇ ’ਤੇ ਇੱਕਮਤ ਹਨ। ਸਾਰੀਆਂ ਜਥੇਬੰਦੀਆਂ ਆਪੋ ਆਪਣੇ ਪੱੱਧਰ ਉੱਤੇ ਸੰਘਰਸ਼ ਕਰਨਗੀਆਂ।ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਹੀ ਪਿਛਲੇ ਇੱਕ ਹਫ਼ਤੇ ਤੋਂ ਮਾਝਾ ਖਿੱਤੇ ਵਿੱਚ ਧਰਨੇ ਦਿੱਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਝੋਨੇ ਦੀ ਲਵਾਈ ਦਾ ਜ਼ੋਰ ਹੋਣ ਕਾਰਨ ਯੂਨੀਅਨ ਵੱਲੋਂ 20 ਜੁਲਾਈ ਨੂੰ ਸਮੁੱਚੇ ਪੰਜਾਬ ’ਚ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਮੈਦਾਨ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਦਾਗੇ ਗਏ ਬਿਆਨ ਨੇ ਨਰਿੰਦਰ ਮੋਦੀ ਅਤੇ ਸ੍ਰੀ ਤੋਮਰ ਦੇ ਲਿਪਾ-ਪੋਚੀ ਵਾਲੇ ਬਿਆਨਾਂ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਵੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।
ਲੋਕ ਇਨਸਾਫ਼ ਪਾਰਟੀ ਵੱਲੋਂ ਰੋਸ ਮਾਰਚ 22 ਤੋਂ
ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂਅ ’ਤੇ ਪਾਸ ਕੀਤੇ ਆਰਡੀਨੈਂਸ ਪੰਜਾਬ ਦੀ ਖੇਤੀ ਨੂੰ ਤਬਾਹ ਕਰ ਦੇਣਗੇ। ਇਨ੍ਹਾਂ ਆਰਡੀਨੈਂਸ ਵਿਰੁੱਧ ‘ਲੋਕ ਇਨਸਾਫ਼ ਪਾਰਟੀ’ ਵੱਲੋਂ 22 ਜੂਨ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰੋਸ ਮਾਰਚ ਸ਼ੁਰੂ ਕੀਤਾ ਜਾਵੇਗਾ। ਇਸ ਵਿੱਚ 50 ਵਿਅਕਤੀ ਸਾਈਕਲਾਂ ’ਤੇ ਸਵਾਰ ਹੋ ਕੇ ਸੂਬੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ 26 ਜੂਨ ਨੂੰ ਚੰਡੀਗੜ੍ਹ ਪਹੁੰਚਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਸ੍ਰੀ ਬੈਂਸ
ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨੋਂ ਆਰਡੀਨੈਂਸ ਪਾਸ ਕਰਕੇ ਗੈਰ ਸੰਵਿਧਾਨਿਕ ਢੰਗ ਨਾਲ ਸੂਬੇ ਦੇ ਅਧਿਕਾਰਾਂ ’ਤੇ ਡਾਕਾ ਮਾਰਿਆ ਹੈ। ਇਸ ਨਾਲ ਪੰਜਾਬ ਦੀਆਂ ਮੰਡੀਆਂ ਖਤਮ ਹੋ ਜਾਣਗੀਆਂ, ਘੱਟੋਂ-ਘੱਟ ਖਰੀਦ ਮੁੱਲ ਅਤੇ ਸਰਕਾਰੀ ਖਰੀਦ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਖਤਮ ਹੋਣ ਕਰਕੇ ਮੰਡੀ ਨਾਲ ਜੁੜੇ ਆੜ੍ਹਤੀ, ਪੱਲੇਦਾਰ, ਮਾਰਕਿਟ ਕਮੇਟੀ ਦੇ ਮੁਲਾਜ਼ਮ, ਛੋਟੇ ਟਰਾਂਸਪੋਰਟਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਤੀਜੀ ਧਿਰ ਬਣਾਉਣ ਦਾ ਸਵਾਗਤ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਪੰਜਾਬ ’ਚ ਬਦਲ ਲਈ ਤੀਜੀ ਧਿਰ ਬਣਾਉਣ ਲਈ ਹੋਰਨਾਂ ਰਾਜਨੀਤਕ ਦਲਾਂ ਨਾਲ ਸੰਪਰਕ ਕਰਨ ਸਬੰਧੀ ਪੁੱਛਣ ’ਤੇ ‘ਲੋਕ ਇਨਸਾਫ਼ ਪਾਰਟੀ’ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾ 2019 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਕਿਸੇ ਆਗੂ ਨਾਲ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀ ਰਾਜਨੀਤੀ ’ਚ ਤੀਜੇ ਬਦਲ ਲਈ ਉਹ ਅਜਿਹਾ ਕਰਨਗੇ ਤਾਂ ਉਹ ਉਨ੍ਹਾਂ ਦਾ ਸਵਾਗਤ ਕਰਦੇ ਹਨ।