ਲੰਗਰ ਨੂੰ ਲੈ ਕੇ ਦਿੱਲੀ ਕਮੇਟੀ ਦੀ ਸਿਆਸਤ ਭਖੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾਵਾਇਰਸ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਵੱਡੀ ਰਸੋਈ ਤੋਂ ਰੋਜ਼ਾਨਾ ਲੰਗਰ ਭੇਜਣ ਸਮੇਤ ‘ਲੰਗਰ ਆਨ ਵੀਲ੍ਹਸ’ ਤਹਿਤ ਲੋੜਵੰਦਾਂ ਨੂੰ ਖਾਣਾ ਭੇਜਣ ਦੇ ਮੁੱਦੇ ਉਪਰ ਬੀਤੇ ਦਿਨਾਂ ਤੋਂ ਸਿੱਖ ਰਾਜਨੀਤੀ ਗਰਮਾਈ ਹੋਈ ਹੈ। ਜਿੱਥੇ ਦਿੱਲੀ ਕਮੇਟੀ ਵੱਲੋਂ ਲਗਾਤਾਰ ਪ੍ਰਸ਼ਾਸਨ ਦੀ ਮਦਦ ਨਾਲ ਤੇ ਫਿਰ ਸੰਗਤ ਤੇ ਸੇਵਾਦਾਰਾਂ ਦੀ ਸਹਾਇਤਾ ਨਾਲ ਮਹਾਂਮਾਰੀ ਦੌਰਾਨ ਭੋਜਨ ਦੀ ਵਿਵਸਥਾ ਕੀਤੀ ਜਾ ਰਹੀ ਹੈ ਉੱਥੇ ਹੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਵਿਰੋਧ ਸਿਆਸੀ ਸ਼ਰੀਕਾਂ ਵੱਲੋਂ ਕੀਤਾ ਜਾ ਰਿਹਾ ਹੈ। ਦਿੱਲੀ ਕਮੇਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਪਾਸੇ ਕੀਤੇ ਗਏ ਮਨਜੀਤ ਸਿੰਘ ਜੀਕੇ ਵੱਲੋਂ ਲੰਗਰ ਦੀ ਸੇਵਾ ਬਾਰੇ ਕਈ ਸ਼ੰਕੇ ਪ੍ਰਗਟਾਏ ਗਏ ਹਨ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂਆਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਵੀ ਬਿਆਨ ਦਾਗ਼ੇ ਗਏ ਸਨ। ਇਨ੍ਹਾਂ ਬਿਆਨਾਂ ਦਾ ਜਵਾਬ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਵੱਲੋਂ ਦਿੱਤਾ ਗਿਆ ਹੈ। ਸ੍ਰੀ ਕਾਹਲੋਂ ਨੇ ਕਿਹਾ ਕਿ ਸੰਗਤ ਵੱਲੋਂ ਮਿਹਨਤ ਨਾਲ ਕੀਤੀ ਕਮਾਈ ਵਿੱਚੋਂ ਦਸਵੰਧ ਗੁਰੂ ਘਰ ਦੀ ਸੇਵਾ ਲਈ ਭੇਜੇ ਜਾਂਦੇ ਹਨ ਤੇ ਉਸ ਨੂੰ ਅਤਿਵਾਦ ਨਾਲ ਜੋੜਨਾ ਗ਼ਲਤ ਹੈ। ਸ੍ਰੀ ਕਾਹਲੋਂ ਨੇ ਕਿਹਾ ਪ੍ਰਧਾਨ ਹੁੰਦੇ ਹੋਏ ਸ੍ਰੀ ਜੀਕੇ ਨਾਲ ਵਿਦੇਸ਼ਾਂ ਤੋਂ ਆਈ ਰਕਮ ਤੇ ਹੋਰ ਮਾਮਲੇ ਉਜਾਗਰ ਹੋਣ ਮਗਰੋਂ ਹੀ ਉਹ ਹੁਣ ਅਦਾਲਤੀ ਗੇੜਾਂ ਵਿੱਚ ਫਸੇ ਹਨ ਤੇ ਨਿਜੀ ਦੋਸਤਾਂ ਨੂੰ ਸਹਾਇਕ ਬਣਾ ਕੇ ਮੋਟੀ ਤਨਖ਼ਾਹ ਦਿੱਤੀ ਜਾਂਦੀ ਰਹੀ ਤੇ ਗੋਲਕ ਦਾ ਭਾਰੀ ਨੁਕਸਾਨ ਕੀਤਾ।