ਅਮਰੀਕਾ ‘ਚ ਸਿੱਖ ਦੇ ਰੈਸਟੋਰੈਂਟ ‘ਚ ਭੰਨਤੋੜ, ਸਥਾਨਕ ਪੁਲਿਸ ਤੇ FBI ਕਰ ਰਹੀ ਘਟਨਾ ਦੀ ਜਾਂਚ

ਵਾਸ਼ਿੰਗਟਨ : ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਸਾਂਤਾ ਫੇ ਸਿਟੀ ਵਿਚ ਇਕ ਸਿੱਖ ਦੇ ਰੈਸਟੋਰੈਂਟ ਵਿਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਰਤੀ ਤੱਤਾਂ ਨੇ ਰੈਸਟੋਰੈਂਟ ਦੀਆਂ ਦੀਵਾਰਾਂ ‘ਤੇ ਭੜਕਾਊ ਸੰਦੇਸ਼ ਵੀ ਲਿਖ ਦਿੱਤੇ। ਇੰਡੀਅਨ ਪੈਲੇਸ ਨਾਂ ਦੇ ਇਸ ਰੈਸਟੋਰੈਂਟ ਨੂੰ ਲਗਪਗ ਇਕ ਲੱਖ ਡਾਲਰ (ਲਗਪਗ 76 ਲੱਖ ਰੁਪਏ) ਦਾ ਨੁਕਸਾਨ ਹੋਇਆ ਹੈ। ਸਥਾਨਕ ਪੁਲਿਸ ਅਤੇ ਐੱਫਬੀਆਈ ਇਸ ਘਟਨਾ ਦੀ ਜਾਂਚ ਕਰ ਰਹੀਆਂ ਹਨ।
ਸ਼ਰਾਰਤੀ ਤੱਤਾਂ ਨੇ ਰੈਸਟੋਰੈਂਟ ਦੇ ਮੇਜ਼ਾਂ ਨੂੰ ਪਲਟ ਦਿੱਤਾ, ਕੱਚ ਦੇ ਬਰਤਨ ਤੋੜ ਦਿੱਤੇ, ਕੰਪਿਊਟਰ ਸਮੇਤ ਕੁਝ ਹੋਰ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਰੈਸਟੋਰੈਂਟ ਮਾਲਿਕ ਬਲਜੀਤ ਸਿੰਘ ਨੇ ਕਿਹਾ, ਜਦੋਂ ਮੈਂ ਰਸੋਈ ਵਿਚ ਗਿਆ ਤਾਂ ਮੈਂ ਉੱਥੋਂ ਦਾ ਦ੍ਰਿਸ਼ ਦੇਖ ਕੇ ਦੰਗ ਰਹਿ ਗਿਆ। ਰੈਸਟੋਰੈਂਟ ਦੀਆਂ ਦੀਵਾਰਾਂ ਆਦਿ ‘ਤੇ ‘ਵਾਈਟ ਪਾਵਰ’, ‘ਟਰੰਪ 2020’ ਅਤੇ ‘ਘਰ ਜਾਓ’ ਆਦਿ ਨਾਅਰੇ ਲਿਖੇ ਹੋਏ ਸਨ। ਇਸ ਤੋਂ ਇਲਾਵਾ ਨਸਲੀ ਹਿੰਸਾ ਦੀਆਂ ਧਮਕੀਆਂ ਅਤੇ ਭੇਦਭਾਵ ਨਾਲ ਜੁੜੇ ਸੰਦੇਸ਼ ਵੀ ਲਿਖੇ ਸਨ। ਨਿਊ ਮੈਕਸੀਕੋ ਦੀ ਗਵਰਨਰ ਮਿਸ਼ੇਲ ਲੁਜਾਨ ਗ੍ਰੀਸ਼ਮ ਅਤੇ ਮੇਅਰ ਐਲਨ ਵੇਬਰ ਨੇ ਘਟਨਾ ਦੀ ਨਿੰਦਾ ਕੀਤੀ ਹੈ। ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਐੱਸਏਐੱਲਡੀਈਐੱਫ) ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਕਿਹਾ, ਇਸ ਤਰ੍ਹਾਂ ਦੀ ਨਫਰਤ ਅਤੇ ਹਿੰਸਾ ਮਨਜ਼ੂਰ ਨਹੀਂ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ।