ਹੁਣ ‘ਜਾਗੀ’ ਸਾਬਕਾ ਸਰਕਾਰ : ਦਰਿਆਵਾਂ ’ਚ ਇੰਡਸਟਰੀ ਦੀ ਵੇਸਟੇਜ਼ ਸੁੱਟਣ ’ਤੇ ‘ਆਪ’ ਸਰਕਾਰ ਲਾਵੇ ਰੋਕ : ਸੁਖਬੀਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਰਿਆਈ ਪਾਣੀਆਂ ਦੇ ਵੱਡੀ ਪੱਧਰ ’ਤੇ ਗੰਧਲੇ ਹੋਣ ’ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਇੰਡਸਟਰੀ ਦੀ ਰਹਿੰਦ-ਖੂੰਹਦ ਦਰਿਆਈ ਪਾਣੀਆਂ ’ਚ ਸੁੱਟਣ ’ਤੇ ਰੋਕ ਲਗਾਵੇ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਵਿਆਪਕ ਰਿਪੋਰਟਾਂ ਆ ਰਹੀਆਂ ਹਨ ਕਿ ਕਾਲੇ ਰੰਗ ਦਾ ਪਾਣੀ ਹਰੀਕੇ ਹੈੱਡਵਰਕਸ ਤੋਂ ਨਿਕਲਦੀ ਫ਼ਿਰੋਜ਼ਪੁਰ ਫੀਡਰ ਨਹਿਰ ’ਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਜ਼ਿਲ੍ਹੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹਲਕੇ ਦੇ ਲੋਕਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਪ੍ਰਦੂਸ਼ਿਤ ਪਾਣੀ ਨਾ ਸਿਰਫ਼ ਖੇਤੀਬਾੜੀ ਪੈਦਾਵਾਰ ’ਤੇ ਅਸਰ ਪਾਵੇਗਾ ਬਲਕਿ ਇਸ ਨਾਲ ਬੀਮਾਰੀਆਂ ਵੀ ਫੈਲਣਗੀਆਂ। ਕੁਝ ਲੋਕ ਨਹਿਰੀ ਪਾਣੀ ਨੂੰ ਪੀਣ ਵਾਸਤੇ ਵਰਤਦੇ ਹਨ, ਜੋ ਇਸ ਵੇਲੇ ਖ਼ਤਰਨਾਕ ਹੈ।

ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਹਰੀਕੇ ਹੈੱਡਵਰਕਸ ਜਿਥੇ ਸਤੁਲਜ ਤੇ ਬਿਆਸ ਦਰਿਆ ਰਲਦੇ ਹਨ, ਤੋਂ ਆਉਂਦੇ ਸਾਰੇ ਪਾਣੀ ਦੇ ਕੁਝ ਦਿਨਾਂ ’ਚ ਪ੍ਰਦੂਸ਼ਿਤ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਸਨ ਪਰ ਫਿਰ ਵੀ ਦਰਿਆਈ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ’ਤੇ ਰੋਕ ਲਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਇੰਡਸਟਰੀ ਦੀ ਰਹਿੰਦ-ਖੂੰਹਦ ਵੱਡੀ ਪੱਧਰ ’ਤੇ ਲੁਧਿਆਣਾ ਦੇ ਬੁੱਢੇ ਨਾਲੇ ’ਚ ਸੁੱਟੀ ਜਾਂਦੀ ਹੈ, ਜੋ ਅੱਗੇ ਜਾ ਕੇ ਹਰੀਕੇ ਵਿਚ ਸਤਲੁਜ ਤੇ ਬਿਆਸ ’ਚ ਜਾ ਰਲਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਮਾਲਪੁਰ ਟ੍ਰੀਟਮੈਂਟ ਪ੍ਰਾਜੈਕਟ, ਜੋ ਘਰੇਲੂ ਸੀਵਰੇਜ ਦਰਿਆਈ ਪਾਣੀ ’ਚ ਪੈਣ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਹੱਲ ਕਰਨ ਵਾਸਤੇ ਬਣਾਇਆ ਪ੍ਰਾਜੈਕਟ ਹੈ, ਨੂੰ ਚਾਲੂ ਕਰਨ ’ਚ ਕੋਈ ਕਾਹਲ ਨਹੀਂ ਵਿਖਾ ਰਹੀ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਡੇਅਰੀ ਦੀ ਰਹਿੰਦ ਖੂੰਹਦ ਦਰਿਆਈ ਪਾਣੀ ਵਿਚ ਸੁੱਟੀ ਜਾ ਰਹੀ ਹੈ, ਜਿਸ ਕਾਰਨ ਅੱਜ ਦਾ ਪ੍ਰਦੂਸ਼ਣ ਫ਼ੈਲਿਆ ਹੋਇਆ ਹੈ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਦਰੁੱਸਤੀ ਵਾਲੇ ਕਦਮ ਚੁੱਕਣ ਤੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਇਸ ਸੰਵੇਦਨਸ਼ੀਲ ਮਾਮਲੇ ’ਤੇ ਇਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ’ਤੇ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਨੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਪਾਣੀ ਪੀਣ ਵਾਸਤੇ ਨਾ ਵਰਤਿਆ ਜਾਵੇ ਪਰ ਪ੍ਰਦੂਸ਼ਣ ਕੰਟਰੋਲ ਬੋਰਡ ਦਰਿਆਈ ਪਾਣੀ ਵਿਚ ਇੰਡਸਟਰੀ ਦੀ ਰਹਿੰਦ ਖੂੰਹਦ ਰੋਕਣ ਲਈ ਜ਼ਿੰਮੇਵਾਰ ਹੈ, ਜਦਕਿ ਉਹ ਇਹ ਦਾਅਵਾ ਕਰ ਰਿਹਾ ਹੈ ਕਿ ਇਹ ਪਾਣੀ ਟ੍ਰੀਟਮੈਂਟ ਤੋਂ ਬਾਅਦ ਪੀਣਯੋਗ ਹੈ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਦਰਿਆਈ ਪਾਣੀਆਂ ਦੀ ਸਫਾਈ ਵਾਸਤੇ ਨੀਤੀ ਲਿਆਉਣੀ ਚਾਹੀਦੀ ਹੈ ਤੇ ਪ੍ਰਦੂਸ਼ਣਕਾਰੀਆਂ ਦੇ ਖ਼ਿਲਾਫ਼ ਸਿਫ਼ਰ ਬਰਦਾਸ਼ਤ ਨੀਤੀ ਲਾਗੂ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਵੱਲੋਂ ਇਸ ਮਾਮਲੇ ’ਤੇ ਅਣਗਹਿਲੀ ਵਾਲੇ ਵਤੀਰੇ ਨੇ ਪ੍ਰਦੂਸ਼ਣਕਾਰੀਆਂ ਦੇ ਹੌਸਲੇ ਵਧਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਵੇਖਿਆ ਹੈ ਕਿ ਕਿਵੇਂ ਜ਼ਮੀਨਦੋਜ਼ ਪਾਣੀ ਪ੍ਰਦੂਸ਼ਣ ਹੋਣ ਕਾਰਨ ਮਾਲਵਾ ਖਿੱਤੇ ’ਚ ਕੈਂਸਰ ਫੈਲ ਗਿਆ ਹੈ। ਸਾਨੂੰ ਇਸ ਨਾਲ ਜੰਗੀ ਪੱਧਰ ’ਤੇ ਨਜਿੱਠਣਾ ਚਾਹੀਦਾ ਹੈ।

Leave a Reply

Your email address will not be published. Required fields are marked *