‘ਸ਼ਰਾਬੀ’ ਐੱਸਐੱਮਓ ਨੇ ਲਈ ਮਾਂ-ਧੀ ਦੀ ਜਾਨ

ਮੋਗਾ: ਧਰਮਕੋਟ ਨੇੜਲੇ ਪਿੰਡ ਢੋਲੇਵਾਲਾ ਵਿੱਚ ਕਥਿਤ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਇੱਕ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਦੀ ਗੱਡੀ ਇੱਕ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਮਾਂ-ਧੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰੀਤ ਕੌਰ ਅਤੇ ਮੁਸਕਾਨ ਕੌਰ (18) ਵਜੋਂ ਹੋਈ ਹੈ। ਹਾਦਸੇ ਵੇਲੇ ਗੱਡੀ ਐੱਸਐੱਮਓ ਡਾ. ਰਾਕੇਸ਼ ਕੁਮਾਰ ਬਾਲੀ ਖੁਦ ਚਲਾ ਰਹੇ ਸਨ। ਉਹ ਕੋਟ ਈਸੇ ਖਾਂ ਕਮਿਊਨਿਟੀ ਹੈਲਥ ਸੈਂਟਰ ਵਿੱਚ ਤਾਇਨਾਤ ਹਨ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਲਖਵੀਰ ਸਿੰਘ ਆਪਣੀ ਪਤਨੀ ਪ੍ਰੀਤ ਕੌਰ ਅਤੇ ਦੋ ਬੇਟੀਆਂ ਨਾਲ ਮੋਟਰਸਾਈਕਲ ’ਤੇ ਪਿੰਢ ਢੋਲੇਵਾਲ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਜਲਾਲਾਬਾਦ ਨੇੜੇ ਹਾਈਵੇਅ ’ਤੇ ਚੜ੍ਹੇ ਤਾਂ ਐੱਸਐੱਮਓ ਦੀ ਗੱਡੀ ਉਨ੍ਹਾਂ ਦੇ ਮੋਟਰਸਾਈਕਲ ਨਾਲ ਆ ਟਕਰਾਈ, ਜਿਸ ਕਾਰਨ ਪ੍ਰੀਤ ਕੌਰ ਅਤੇ ਮੁਸਕਾਨ ਕੌਰ ਦੀ ਮੌਤ ਹੋ ਗਈ ਤੇ ਢਾਈ ਸਾਲ ਦੀ ਬੇਟੀ ਜ਼ਖ਼ਮੀ ਹੋ ਗਈ।
ਧਰਮਕੋਟ ਦੇ ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਲਖਵੀਰ ਸਿੰਘ ਵਾਸੀ ਫ਼ਤਿਹਗੜ੍ਹ ਪੰਜਤੂਰ ਦੇ ਬਿਆਨਾਂ ਦੇ ਆਧਾਰ ’ਤੇ ਐੱਸਐੱਮਓ ਡਾ. ਰਾਕੇਸ਼ ਕੁਮਾਰ ਬਾਲੀ ਵਾਸੀ ਨਕੋਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਮੁਲਜ਼ਮ ਐੱਸਐੱਮਓ ਨੂੰ ਹਿਰਾਸਤ ਵਿੱਚ ਲਿਆ ਤਾਂ ਉਹ ਕਥਿਤ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਹ ਹੀ ਖੁਦ ਗੱਡੀ ਚਲ ਰਿਹਾ ਸੀ। ਪੁਲੀਸ ਨੇ ਉਸ ਦੀ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ।