ਮੁੱਖ ਮੰਤਰੀ ਦੇ ਹਵਾਈ ਅੱਡਿਆਂ ਨੂੰ ਲੈ ਕੇ ਦਿੱਤੇ ਬਿਆਨ ‘ਤੇ ਔਜਲਾ ਨੇ ਦਿਖਾਇਆ ਭਗਵੰਤ ਮਾਨ ਨੂੰ ਸੀਸ਼ਾ

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਸੂਬੇ ਦੇ ਹਵਾਈ ਅੱਡਿਆਂ ਨੂੰ ਲੈ ਕੇ ਅਫ਼ਸਰਾਂ ਨਾਲ ਮੀਟਿੰਗ, ਜਿਸ ਵਿੱਚ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ‘ਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤੰਜ ਕੱਸਦਿਆਂ ਕਿਹਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬਸ ਮੱਥਾ ਟੇਕਣ ਲਈ ਹੀ ਯਾਦ ਆਉਂਦੀ ਹੈ? ਜਦ ਵਿਕਾਸ ਦੀ ਵਾਰੀ ਆਉਂਦੀ ਹੈ ਤਾਂ 75 ਸਾਲ ਪੁਰਾਣੀ ਨੀਤੀ ਹੀ ਆਪਣਾ ਲੈਂਦੇ ਹੋ, ਜੋ ਕੁਝ ਦੇਣਾ ਮਾਲਵੇ ਨੂੰ ਦੇਣਾ, ਮਾਝਾ ਖਾਸ ਕਰਕੇ ਗੁਰੂ ਨਗਰੀ ਨੂੰ ਵਿਸਾਰ ਦੇਣਾ।

ਔਜਲਾ ਨੇ ਟਵੀਟ ਕਰਦਿਆਂ ਕਿਹਾ, “ਗੁਰੂ ਨਗਰੀ ਕੋਲ ਸੈਰ-ਸਪਾਟਾ ਤੋਂ ਇਲਾਵਾ ਕੋਈ ਸਨਅਤ ਨਹੀਂ ਰਹੀ, ਇਸ ਲਈ ਕੁਝ ਉਡਾਣਾਂ ਮੋਹਾਲੀ ਤੋਂ ਪਾਰ ਵੀ ਆਉਣ ਦਿਓ। ਕਿਤੇ ਤੁਸੀਂ ਵੀ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਰੁੱਖ ਤਾਂ ਨਹੀਂ ਕਰ ਲਿਆ। ਗੁਰੂ ਰਾਮਦਾਸ ਜੀ ਦੇ ਨਾਮ ਨੂੰ ਸਮਰਪਿਤ ਹਵਾਈ ਅੱਡੇ ਤੋਂ ਉਡਾਣਾਂ ਦੇ ਵਾਧੇ ਅਤੇ ਵਿਕਾਸ ਲਈ ਵਿਉਂਤ ਉਲੀਕੋ ਅਤੇ ਟਰਬਾਈਨ ਫਿਊਲ ‘ਤੇ ਵੈਟ ਵੀ ਮਾਫ਼ ਕਰੋ।”