ਪਾਕਿਸਤਾਨ ’ਚ ਹਾਦਸਾ, 20 ਸਿੱਖ ਸ਼ਰਧਾਲੂ ਹਲਾਕ

ਲਾਹੌਰ : ਲਹਿੰਦੇ ਪੰਜਾਬ ’ਚ ਮਨੁੱਖ ਰਹਿਤ ਫਾਟਕ ’ਤੇ ਵਾਪਰੇ ਹਾਦਸੇ ’ਚ ਘੱਟੋ ਘੱਟ 20 ਪਾਕਿਸਤਾਨੀ ਸਿੱਖ ਸ਼ਰਧਾਲੂ ਹਲਾਕ ਹੋ ਗਏ ਹਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੰਨੀ ਬੱਸ ਫਾਰੂਕਾਬਾਦ ’ਚ ਫਾਟਕ ਲੰਘਣ ਵੇਲੇ ਉਥੇ ਅਚਾਨਕ ਆ ਗਈ ਸ਼ਾਹ ਹੁਸੈਨ ਐਕਸਪ੍ਰੈੱਸ ਰੇਲ ਗੱਡੀ ਨਾਲ ਟਕਰਾ ਗਈ। ਬੱਸ ’ਚ ਸਵਾਰ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆ ਰਹੇ ਸਨ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਤਰਜਮਾਨ ਆਮਿਰ ਹਾਸ਼ਮੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਰਾਚੀ ਤੋਂ ਲਾਹੌਰ ਆ ਰਹੀ ਮਿੰਨੀ ਬੱਸ ’ਚ ਸਵਾਰ ਸਿੱਖ ਸ਼ਰਧਾਲੂ ਫਾਰੂਕਾਬਾਦ ’ਚ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹਾਸ਼ਮੀ ਮੁਤਾਬਕ ਨਨਕਾਣਾ ਸਾਹਿਬ ’ਚ ਰੁਕਣ ਮਗਰੋਂ ਸਿੱਖ ਸ਼ਰਧਾਲੂ ਪਿਸ਼ਾਵਰ ਲਈ ਰਵਾਨਾ ਹੋਏ ਸਨ। ਉਨ੍ਹਾਂ ਨੂੰ ਨਨਕਾਣਾ ਸਾਹਿਬ ਦੀ ਹੱਦ ਤੱਕ ਟਰੱਸਟ ਨੇ ਸੁਰੱਖਿਆ ਮੁਹੱਈਆ ਕਰਵਾਈ ਹੋਈ ਸੀ। ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ’ਚ ਪਹੁੰਚਾਇਆ ਗਿਆ। ਰੇਲਵੇ ਨੇ ਡਿਵੀਜ਼ਨਲ ਇੰਜਨੀਅਰ ਨੂੰ ਮੁਅੱਤਲ ਕਰਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲਵੇ ਮੰਤਰੀ ਸ਼ੇਖ ਰਾਸ਼ਿਦ ਨੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਾਦਸੇ ’ਤੇ ਦੁੱਖ ਜ਼ਾਹਰ ਕਰਦਿਆਂ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।
ਮੋਦੀ, ਕੈਪਟਨ ਤੇ ਸੁਖਬੀਰ ਵੱਲੋਂ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਸ-ਰੇਲ ਹਾਦਸੇ ’ਚ ਸਿੱਖ ਸ਼ਰਧਾਲੂਆਂ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਟਵੀਟ ਕਰਕੇ ਜ਼ਖ਼ਮੀਆਂ ਦੇ ਤੁਰੰਤ ਸਿਹਤਯਾਬ ਹੋਣ ਦੀ ਵੀ ਕਾਮਨਾ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿੱਚ ਵਾਪਰੇ ਹਾਦਸੇ ਵਿੱਚ ਸਿੱਖ ਸ਼ਰਧਾਲੂਆਂ ਦੀਆਂ ਮੌਤਾਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਹਾਦਸਾ ਵੱਡੀ ਅਣਗਹਿਲੀ ਕਰਾਰ
ਅੰਮ੍ਰਿਤਸਰ: ਲਹਿੰਦੇ ਪੰਜਾਬ ’ਚ ਵਾਪਰੇ ਹਾਦਸੇ ਨੂੰ ਸ਼੍ਰੋੋਮਣੀ ਕਮੇਟੀ ਨੇ ਵੱਡੀ ਅਣਗਹਿਲੀ ਕਰਾਰ ਦਿੰਦਿਆਂ ਪਾਕਿਸਤਾਨ ਸਰਕਾਰ ਕੋੋਲੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਾਦਸੇ ’ਤੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਦਾ ਜਾਨੀ ਨੁਕਸਾਨ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਦੁੱਖ ਪ੍ਰਗਟਾਇਆ ਹੈ। ਲਹਿੰਦੇ ਪੰਜਾਬ ਦੇ ਪਾਰਲੀਮੈਂਟ ਸਕੱਤਰ ਤੇ ਸਿੱਖ ਆਗੂ ਮਹਿੰਦਰਪਾਲ ਸਿੰਘ ਨੇ ਆਖਿਆ ਕਿ ਪਿਸ਼ਾਵਰੀ ਸਿੱਖ ਨਨਕਾਣਾ ਸਾਹਿਬ ਵਿਖੇ ਆਏ ਸਨ। ਮਿੰਨੀ ਬੱਸ ਵਿਚ 27-28 ਗੁਰਸਿੱਖ ਸਵਾਰ ਸਨ ਅਤੇ ਉਹ ਗੁਰਦੁਆਰਾ ਸੱਚਾ ਸੌਦਾ ਵਿਖੇ ਦਰਸ਼ਨਾਂ ਲਈ ਜਾ ਰਹੇ ਸਨ।