ਦੇਸੀ ਘਿਓ ਤੇ ਹੋਰ ਦੁੱਧ ਪਦਾਰਥ ਮਿਲਕਫੈੱਡ ਦੀ ਥਾਂ ਕਿਸੇ ਹੋਰ ਕੰਪਨੀ ਤੋਂ ਖਰੀਦਣ ’ਤੇ ਵਿਵਾਦ

ਅੰਮ੍ਰਿਤਸਰ : ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁਧ ਪਦਾਰਥ ਮਿਲਕਫੈੱਡ (ਵੇਰਕਾ) ਦੀ ਥਾਂ ਪੂਨੇ ਦੀ ਸੋਨਾਈ ਕੋਆਪਰੇਟਿਵ ਸੁਸਾਇਟੀ ਕੋਲੋਂ ਖਰੀਦਣ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਵਾਦ ਵਿਵਾਦ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਅੱਜ ਜਿਥੇ ਸਪੱਸ਼ਟ ਕੀਤਾ ਕਿ ਟੈਂਡਰ ਮੁਤਾਬਕ ਘੱਟ ਰੇਟ ਅਤੇ ਵਧੀਆ ਮਿਆਰ ਦੇ ਆਧਾਰ ’ਤੇ ਪੂਨੇ ਦੀ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਹੈ, ਉਥੇ ਇਹ ਦੋਸ਼ ਵੀ ਲਾਇਆ ਮਿਲਕਫੈੱਡ ਵਲੋਂ ਭੇਜੇ ਟੀਨਾਂ ਵਿਚੋਂ ਘਿਓ ਘੱਟ ਨਿਕਲਿਆ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖਾਲਸਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੀਡੀਆ ਕੋਲ ਆਪਣਾ ਪੱਖ ਰਖਦਿਆਂ ਕਿਹਾ ਕਿ ਐਗਮਾਰਕ ਪੈਮਾਨੇ ਵਾਲੇ ਇਹ ਦੁੱਧ ਪਦਾਰਥ ਘੱਟ ਰੇਟ ਅਤੇ ਵਧੀਆ ਮਿਆਰ ਦੇ ਹੋਣ ਕਾਰਨ ਟੈਂਡਰ ਪ੍ਰਵਾਨ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਪੂਨੇ ਦੀ ਇਸ ਕੰਪਨੀ ਨੂੰ ਇਕ ਜੁਲਾਈ ਤੋਂ 30 ਸਤੰਬਰ 2020 ਤਕ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਅਤੇ ਹੋਰ ਗੁਰਦੁਆਰਿਆਂ ਵਾਸਤੇ ਦੇਸੀ ਘਿਓ ਅਤੇ ਸੁੱਕਾ ਦੁੱਧ ਖਰੀਦਣ ਦੇ ਟੈਂਡਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਆਗੂਆਂ ਨੇ ਸਹਿਕਾਰਤਾ ਮੰਤਰੀ ਨੂੰ ਜਾਣੂ ਕਰਾਇਆ ਕਿ ਮਿਲਕਫੈੱਡ ਵਲੋਂ ਭੇਜੇ 37 ਟੀਨਾਂ ਵਿਚੋਂ 41 ਕਿਲੋ 330 ਗਰਾਮ ਦੇਸੀ ਘਿਓ ਘੱਟ ਨਿਕਲਿਆ ਹੈ। ਇਸ ਸਬੰਧੀ ਕੰਪਨੀ ਦੇ ਐਮਡੀ ਨੂੰ ਵੀ ਜਾਣੂ ਕਰਾਇਆ ਹੈ, ਜਿਸ ਨੇ ਤੋਲਣ ਵਾਲੇ ਕੰਢੇ ਦਾ ਮਕੈਨੀਕਲ ਨੁਕਸ ਹੋਣ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਆਖਿਆ ਕਿ ਉਹ ਸਿੱਖ ਸੰਸਥਾ ’ਤੇ ਦੋਸ਼ ਲਾਉਣ ਦੀ ਥਾਂ ਆਪਣੇ ਮਹਿਕਮੇ ਨੂੰ ਠੀਕ ਕਰਨ। ਉਨ੍ਹਾਂ ਨੇ ਇਸ ਸਬੰਧੀ ਬਿਆਨ ਨੂੰ ਸਿਆਸੀ ਹਿੱਤਾਂ ਨਾਲ ਪ੍ਰੇਰਿਤ ਕਰਾਰ ਦਿੱਤਾ।