ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਖ਼ਤਰਾ: ਜਥੇਦਾਰ ਹਰਪ੍ਰੀਤ ਸਿੰਘ

ਕੀਰਤਪੁਰ ਸਾਹਿਬ : ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ ਅਤੇ ਦਲਿਤਾਂ ਤੇ ਸਿੱਖਾਂ ਨਾਲ ਵੀ ਇਹੋ ਕੁੱਝ ਹੋ ਰਿਹੈ ਹੈ। ਸਾਡੇ ਧਾਰਮਿਕ ਸਥਾਨ ਖਤਰੇ ’ਚ ਹਨ ਤੇ 1-2 ਧਾਰਮਿਕ ਸਥਾਨ ਢਾਹ ਵੀ ਦਿੱਤੇ ਗਏ ਹਨ ਅਤੇ ਇਹ ਸਭ ਕੁਝ ਧਾਰਮਿਕ ਕੱਟੜਵਾਦ ਹੀ ਹੈ। ਉਹ ਅੱਜ ਇੱਥੇ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ’ਚ ਸ਼ਿਰਕਤ ਕਰਨ ਆੲੇ ਹੋਏ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਸੰਸਥਾਵਾਂ ਦੇ ਅੰਦਰ ਤੇ ਬਾਹਰ ਬੈਠ ਕੇ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਅੰਦਰ ਬੈਠੀਆਂ ਕਾਲੀਆਂ ਭੇਡਾਂ ਅਤੇ ਬਾਹਰ ਬੈਠ ਕੇ ਨੁਕਸਾਨ ਕਰ ਰਹੇ ਲੋਕਾਂ ਵਿਚਾਲੇ ਮਿਲੀਭੁਗਤ ਦਾ ਸ਼ੱਕ ਹੈ। ਇਸ ਲਈ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਸਿੱਧੇ ਤੌਰ ’ਤੇ ਕੁਝ ਨਹੀਂ ਆਖ ਰਹੀ ਹੈ ਪਰ ਅੰਦਰਖਾਤੇ ਘੱਟ ਗਿਣਤੀਆਂ ਨੂੰ ਦਬਾਉਣ ਅਤੇ ਦੇਸ਼ ਅੰਦਰ ਗ਼ੈਰ ਹਿੰਦੂਆਂ ਨੂੰ ਨਾ ਰਹਿਣ ਦੇਣ ਦੀਆਂ ਨੀਤੀਆਂ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ ਅਤੇ  ਸਿੱਖਾਂ ਨਾਲ ਵਧੀਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ, ਜਦਕਿ ਦਲਿਤ ਵੀ ਇਸ ਕਹਿਰ ਤੋਂ ਨਹੀਂ ਬਚ ਸਕਣਗੇ। ਉਨ੍ਹਾਂ ਕਿਹਾ ਕਿ ਧਾਰਮਿਕ ਕੱਟੜਤਾ ਵਾਲਾ ਰਾਜ ਬੇਸ਼ੱਕ ਸੱਤਾ ਹਾਸਿਲ ਕਰਨ ’ਚ ਕਾਮਯਾਬ ਹੋ ਗਿਅਾ ਹੈ ਪਰ ਇਹ ਕਦੇ ਸਦੀਵੀਂ ਨਹੀਂ ਰਿਹਾ। ਉਨ੍ਹਾਂ ਸੋਸ਼ਲ ਮੀਡੀਆ ਨੂੰ ਘਾਤਕ ਬਿਮਾਰੀ ਦੱਸਦਿਆਂ ਕਿਹਾ ਅੱਜ ਦੇਸ਼ ਦੀ ਜਵਾਨੀ ਬਰਬਾਦੀ ਵੱਲ ਜਾ ਰਹੀ ਹੈ। ਅੱਜ ਅਜਿਹੀਆਂ ਨੀਤੀਆਂ ਬਣਾਉਣ ਦੀ ਲੋੜ ਹੈ ਜਿਸ ਨਾਲ ਜਵਾਨੀ ਤੇ ਕਿਸਾਨੀ ਨੂੰ ਬਚਾਇਆ ਜਾ ਸਕੇ। ਜਥੇਦਾਰ ਨੇ ਧੜਿਆਂ ’ਚ ਵੰਡੇ ਬੁੱਧੀਜੀਵੀਆਂ ਤੇ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਝਾਅ ਭੇਜਣ ਕਿ ਕਿਸ ਤਰ੍ਹਾਂ ਜੁਆਨੀ ਨੂੰ ਬਚਾਇਆ ਜਾ ਸਕਦਾ ਹੈ।  ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਬਲਵਿੰਦਰ ਸਿੰਘ, ਐਡਵੋਕੇਟ ਹਰਦੇਵ ਸਿੰਘ ਹੈਪੀ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *