ਪੰਜਾਬ ’ਚ ਕਰੋਨਾ ਕੇਸਾਂ ਦਾ ਅੰਕੜਾ 10 ਹਜ਼ਾਰ ਤੋਂ ਟੱਪਿਆ

ਚੰਡੀਗੜ੍ਹ : ਪੰਜਾਬ ਵਿੱਚ ਕਰੋਨਾ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਅੱਜ ਦਸ ਹਜ਼ਾਰ ਤੋਂ ਟੱਪ ਗਿਆ ਹੈ। ਅਜਿਹੇ ਵਿਚ ਸਥਿਤੀ ਹੱਥੋਂ ਬਾਹਰ ਹੁੰਦੀ ਜਾਪਦੀ ਹੈ। ਪੰਜਾਬ ਵਿੱਚ ਕਰੋਨਾ ਨੇ ਅੱਜ ਅੱਠ ਹੋਰ ਜਾਨਾਂ ਲਈਆਂ ਹਨ ਜਦੋਂ ਕਿ 310 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ ਮੌਤਾਂ ਦਾ ਅੰਕੜਾ 254 ਹੋ ਗਿਆ ਹੈ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਵਿਡ ਮਗਰੋਂ ਹੁਣ ਠੀਕ ਹੋ ਗਏ ਹਨ ਜਦੋਂਕਿ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਤਰਨ ਤਾਰਨ ਤੋਂ ਵਿਧਾਇਕ ਡਾ. ਧਰਮਬੀਰ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਸੀਆਰਪੀਐੱਫ ਦੇ ਤਿੰਨ ਜਵਾਨ ਵੀ ਪਾਜ਼ੇਟਿਵ ਨਿਕਲੇ ਸਨ ਪਰ ਹੁਣ ਉਨ੍ਹਾਂ ਦੇ ਠੀਕ ਹੋਣ ਦਾ ਸਮਾਚਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਤੋਂ ਇਲਾਵਾ ਲੰਘੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਚਾਰ ਮੌਤਾਂ ਹੋਣ ਦਾ ਸਮਾਚਾਰ ਹੈ ਅਤੇ ਇਸ ਜ਼ਿਲ੍ਹੇ ਵਿੱਚ 76 ਨਵੇਂ ਕੇਸ ਆਏ ਹਨ। ਹੁਸ਼ਿਆਰਪੁਰ ਵਿੱਚ ਦੋ ਮੌਤਾਂ, ਅੰਮ੍ਰਿ੍ਤਸਰ ਅਤੇ ਮੁਹਾਲੀ ਵਿੱਚ ਇਕ-ਇੱਕ ਮੌਤ ਹੋਈ ਹੈ। ਵੇਰਵਿਆਂ ਅਨੁਸਾਰ ਸਿਹਤ ਵਿਭਾਗ ਤਰਫੋਂ ਹੁਣ ਤੱਕ 4,59,900 ਨਮੂਨੇ ਭਰੇ ਗਏ ਹਨ ਜਿਨ੍ਹਾਂ ’ਚੋਂ 10,100 ਕੇਸ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ’ਚੋਂ 3311 ਐਕਟਿਵ ਕੇਸ ਹਨ ਜਦੋਂ ਕਿ 6535 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਘਰ ਭੇਜ ਦਿੱਤਾ ਗਿਆ ਹੈ।
ਜਲੰਧਰ ਵਿੱਚ 60 ਨਵੇਂ ਕੇਸ ਆਏ ਹਨ ਜਿਨ੍ਹਾਂ ਵਿੱਚ ਆਈਟੀਬੀਪੀ ਦੇ 14 ਜਵਾਨ ਵੀ ਸ਼ਾਮਲ ਹਨ। ਇਸੇ ਤਰ੍ਹਾਂ ਮੋਗਾ ਵਿੱਚ 5 ਨਵੇਂ ਕੇਸ ਪਾਏ ਗਏ ਹਨ ਜਿਨ੍ਹਾਂ ਵਿੱਚ ਐੱਸਐੱਸਪੀ ਦਫਤਰ ਦਾ ਇੱਕ ਏਐੱਸਆਈ ਵੀ ਸ਼ਾਮਲ ਹੈ। ਜ਼ਿਲ੍ਹਾ ਸੰਗਰੂਰ ਵਿਚ ਦਰਜਨ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਲਹਿਰਾਗਾਗਾ ਥਾਣੇ ਦਾ ਮੁੱਖ ਥਾਣਾ ਅਫ਼ਸਰ ਅਤੇ ਤਿੰਨ ਹੋਰ ਮੁਲਾਜ਼ਮ ਵੀ ਸ਼ਾਮਲ ਹਨ। ਮੁਹਾਲੀ ਵਿਚ ਵੀ ਤਿੰਨ ਪੁਲੀਸ ਮੁਲਾਜ਼ਮਾਂ ਸਮੇਤ 25 ਕੇਸ ਨਵੇਂ ਆਏ ਹਨ ਜਦੋਂ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ ਦੋ ਬਐੱਸਐੰਫ ਜਵਾਨਾਂ ਸਮੇਤ ਪੰਜ ਕੇਸ ਨਵੇਂ ਆਏ ਹਨ। ਹੁਣ ਤੱਕ ਪੰਜਾਬ ’ਚੋਂ ਸਭ ਤੋਂ ਵੱਧ ਕੇਸ ਲੁਧਿਆਣਾ ਵਿਚ 1843 ਆ ਚੁੱਕੇ ਹਨ ਅਤੇ 46 ਮੌਤਾਂ ਹੋ ਚੁੱਕੀਆਂ ਹਨ। ਮਾਨਸਾ ਜ਼ਿਲ੍ਹੇ ਵਿਚ ਸਭ ਤੋਂ ਘੱਟ 71 ਕੇਸ ਆਏ ਹਨ। ਇਕੱਲਾ ਮਾਨਸਾ ਤੇ ਫਰੀਦਕੋਟ ਜ਼ਿਲ੍ਹਾ ਬਚਿਆ ਹੈ ਜਿਥੇ ਕਰੋਨਾ ਨਾਲ ਕੋਈ ਮੌਤ ਨਹੀਂ ਹੋਈ ਹੈ। ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ, ਜਿਥੇ ਜ਼ਿਆਦਾ ਕੇਸ ਸਾਹਮਣੇ ਆਏ ਹਨ।