ਨੇਪਾਲ ਪੁਲੀਸ ਵੱਲੋਂ ਕਿਸ਼ਨਗੰਜ ਸਰਹੱਦ ਨੇੜੇ ਗੋਲੀਬਾਰੀ; ਭਾਰਤੀ ਨਾਗਰਿਕ ਜ਼ਖ਼ਮੀ

ਪਟਨਾ : ਨੇਪਾਲ ਪੁਲੀਸ ਵੱਲੋਂ ਬਿਹਾਰ ਦੇ ਕਿਸ਼ਨਗੰਜ ਵਿੱਚ ਭਾਰਤ-ਨੇਪਾਲ ਸਰਹੱਦ ਨੇੜੇ ਤਿੰਨ ਵਿਅਕਤੀਆਂ ਉੱਤੇ ਕਥਿਤ ਤੌਰ ’ਤੇ ਗੋਲੀਆਂ ਚਲਾਏ ਜਾਣ ਕਾਰਨ ਇਕ ਭਾਰਤੀ ਨਾਗਰਿਕ ਜ਼ਖਮੀ ਹੋ ਗਿਆ। ਇਹ ਦਾਅਵਾ ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਕਿਸ਼ਨਗੰਜ ਦੇ ਐਸ.ਪੀ. ਨੇ ਏਐੱਨਆਈ ਨੂੰ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤ-ਨੇਪਾਲ ਸਰਹੱਦ ’ਤੇ ਵਾਪਰੀ ਇਹ ਅਜਿਹੀ ਦੂਜੀ ਘਟਨਾ ਹੈ। ਪਿਛਲੇ ਮਹੀਨੇ ਨੇਪਾਲ ਆਰਮਡ ਪੁਲੀਸ ਫੋਰਸ ਨੇ ਬਿਹਾਰ ਦੇ ਸੀਤਾਮਾੜੀ ਨੇੜੇ ਇਕ ਸਰਹੱਦੀ ਥਾਂ ‘ਤੇ ਹੋਈ ਝੜਪ ਦੌਰਾਨ ਇਕ ਸਮੂਹ ’ ਤੇ ਗੋਲੀਬਾਰੀ ਕੀਤੀ ਸੀ, ਜਿਸ ਵਿਚ ਇਕ ਭਾਰਤੀ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖਮੀ ਹੋਏ ਸਨ। ਨੇਪਾਲ ਅਤੇ ਬਿਹਾਰ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਸੀਮਾ ਸਸ਼ਤਰ ਬੱਲ ਇਸ ਨੂੰ ਸਥਾਨਕ ਘਟਨਾ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਕਲਾਪਾਨੀ, ਲਿਪੁਲੇਖ ਅਤੇ ਲਿਮਪਿਯਾਧੁਰਾ ਦੇ ਖੇਤਰੀ ਦਾਅਵਿਆਂ ਨੂੰ ਲੈ ਕੇ ਦਿੱਲੀ ਅਤੇ ਕਾਠਮੰਡੂ ਵਿਚਕਾਰ ਸਰਹੱਦੀ ਵਿਵਾਦ ਨਾਲ ਕੋਣੀ ਸਬੰਧ ਨਹੀਂ ਹੈ।