ਬਠਿੰਡੇ ’ਚ ਰੁੜ੍ਹ ਗਿਆ ਮਨਪ੍ਰੀਤ ਦਾ ‘ਵਿਕਾਸ’

ਬਠਿੰਡਾ : ਪਿਛਲੇ ਤਿੰਨ ਦਿਨ ਤੋਂ ਪੈ ਰਹੇ ਮੀਂਹ ਕਾਰਨ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਵਾਲੇ ਵੀਆਈਪੀ ਖੇਤਰ ਵਿਚ ਅਫ਼ਸਰਾਂ ਦੀਆਂ ਕੋਠੀਆਂ ਦਾ ਆਲਾ ਦੁਆਲਾ ਟਾਪੂ ਦਾ ਰੂਪ ਧਾਰਨ ਕਰ ਗਿਆ ਹੈ। ਬਠਿੰਡਾ ਦੇ ਸਮੁੱਚੇ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪਾਵਰ ਹਾਊਸ, ਮਾਲ ਰੋਡ, ਕਿੱਕਰ ਬਾਜ਼ਾਰ, ਰੇਲਵੇ ਰੋਡ, ਅੰਡਰਬ੍ਰਿਜ, ਪਰਸਰਾਮ ਨਗਰ, ਰਾਜੀਵ ਗਾਂਧੀ ਨਗਰ, ਬਸੰਤ ਵਿਹਾਰ ਆਦਿ ਖੇਤਰ ਦੀਆਂ ਸੜਕਾਂ ਜਲ ਥਲ ਹੋ ਗਈਆਂ ਹਨ। ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਡਾਢੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ‘ਕੈਲੀਫੋਰਨੀਆ’ ਵਿਚ ਅੱਜ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਪਾਣੀ ਨਾਲ ਭਰੀਆਂ ਸੜਕਾਂ ’ਤੇ ਕਿਸ਼ਤੀ ਚਲਾ ਕੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹੀ। ਅੱਜ ਦੇ ਮੀਂਹ ਨੂੰ ਦੇਖਦਿਆਂ ਬਹੁਤੇ ਦੁਕਾਨਦਾਰਾਂ ਨੂੰ ਘਰਾਂ ਵਿਚ ਰਹਿ ਕੇ ਛੁੱਟੀ ਮਨਾਉਣ ਲਈ ਮਜਬੂਰ ਹੋਣ ਪਿਆ ਅਤੇ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਲੋਕ ਬਾਲਟੀਆਂ ਨਾਲ ਘਰਾਂ ’ਚੋਂ ਪਾਣੀ ਕੱਢਦੇ ਦੇਖੇ ਗਏ। ਇਸ ਦੌਰਾਨ ਸ਼ਹਿਰ ਦੇ ਕਿੱਕਰ ਬਾਜ਼ਾਰ ਵਿਚ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਦੋ ਨੌਜਵਾਨ ਵੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮੀਂਹ ਕਾਰਨ ਬਠਿੰਡਾ ਨੇੜਲੇ ਪਿੰਡਾਂ ਵਿਚ ਸਬਜ਼ੀਆਂ ਦੀ ਫ਼ਸਲ ਤਬਾਹ ਹੋ ਗਈ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਸਬਜ਼ੀ ਦੇ ਭਾਅ ਅਸਮਾਨੀ ਚੜ੍ਹਨ ਦੇ ਸੰਕੇਤ ਹਨ।
ਖੇਤੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਦੇ ਮੌਸਮ ਵਿਭਾਗ ਅਨੁਸਾਰ ਤਿੰਨ ਦਿਨਾਂ ਵਿਚ 143.8 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ ਹੈ। ਆਉਣ ਵਾਲੇ 24 ਤੋਂ 36 ਘੰਟਿਆਂ ਦੌਰਾਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।