ਸ਼ਰਾਬ ’ਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਹੋਣ ਦਾ ਖ਼ਦਸ਼ਾ

Young guy holding glass of alcohol.

ਅੰਮ੍ਰਿਤਸਰ : ਜ਼ਹਿਰੀਲੀ ਸ਼ਰਾਬ ਦੇ ਭੇਜੇ ਗਏ ਨਮੂਨਿਆਂ ਦੀ ਭਾਵੇਂ ਅਜੇ ਰਿਪੋਰਟ ਨਹੀਂ ਆਈ ਪਰ ਸ਼ਰਾਬ ਵਿੱਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਮਿਲੀ ਹੋਣ ਦਾ ਖ਼ਦਸ਼ਾ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਨੇ ਪਿੰਡ ਮੁੱਛਲ ’ਚ ਸ਼ਰਾਬ ਵੇਚਣ ਵਾਲੀ ਔਰਤ ਬਲਵਿੰਦਰ ਕੌਰ ਨੂੰ ਇਹ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਵਾਲੇ ਗੋਬਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਰ ਮੈਂਬਰੀ ਵਿਸ਼ੇਸ ਜਾਂਚ ਟੀਮ ਦੀ ਅਗਵਾਈ ਕਰ ਰਹੇ ਐੱਸਪੀ ਗੌਰਵ ਤੂਰ ਨੇ ਦੱਸਿਆ ਕਿ ਪੁਲੀਸ ਨੇ ਸ਼ਰਾਬ ਵੇਚਣ ਵਾਲੀ ਬਲਵਿੰਦਰ ਕੌਰ ਤੇ ਮਿੱਠੂ ਸਿੰਘ ਨੂੰ ਬੀਤੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ ਤੇ ਅੱਜ ਪੁਲੀਸ ਨੇ ਗੋਬਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਗੋਬਿੰਦਰ ਤੇ ਮਿੱਠੂ ਨੇ ਇਹ ਸ਼ਰਾਬ ਤਰਨ ਤਾਰਨ ਤੋਂ ਲਿਆਂਦੀ ਸੀ ਤੇ ਬਲਵਿੰਦਰ ਕੌਰ ਨੂੰ ਸਪਲਾਈ ਕੀਤੀ ਸੀ। ਇਸ ਸ਼ਰਾਬ ਨੂੰ ਛੋਟੇ-ਛੋਟੇ ਪੈਕੇਟਾਂ ਵਿੱਚ 20 ਤੋਂ 30 ਰੁਪਏ ਪ੍ਰਤੀ ਪੈਕੇਟ ਦੇ ਰੂਪ ’ਚ ਵੇਚਿਆ ਜਾਂਦਾ ਸੀ। ਜਾਂਚ ਅਧਿਕਾਰੀ ਨੇ ਆਖਿਆ ਕਿ ਸ਼ਰਾਬ ਵਿੱਚ ਕੀ ਸੀ, ਇਸ ਦਾ ਪਤਾ ਤਾਂ ਟੈਸਟ ਮਗਰੋਂ ਹੀ ਲੱਗੇਗਾ ਪਰ ਅਜਿਹੀ ਨਕਲੀ ਸ਼ਰਾਬ ਵਿੱਚ ਵਧੇਰੇ ਮੈਥਨੌਲ ਦੀ ਵਰਤੋਂ ਹੁੰਦੀ ਸੀ, ਜੋ ਮਨੁੱਖੀ ਸਰੀਰ ਬਹੁਤ ਘਾਤਕ ਹੁੰਦੀ ਹੈ। ਇਸ ਦੀ ਸਿੱਧੀ ਵਰਤੋਂ ਨਾਲ ਅੰਨ੍ਹਾਪਣ ਹੋ ਸਕਦਾ ਹੈ ਤੇ ਜਾਨ ਵੀ ਜਾ ਸਕਦੀ ਹੈ। ਇਸ ਦੌਰਾਨ ਆਬਕਾਰੀ ਵਿਭਾਗ ਨੇ ਵੀ ਆਖਿਆ ਕਿ ਇਸ ਸ਼ਰਾਬ ’ਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਹੋਣ ਦਾ ਖਦਸ਼ਾ ਹੈ।

ਤਰਨਤਾਰਨ ਪੁਲੀਸ ਨੇ ਪਟਿਆਲਾ ’ਚੋਂ ਚਾਰ ਬੰਦੇ ਚੁੱਕੇ

ਪਟਿਆਲਾ (ਸਰਬਜੀਤ ਸਿੰਘ ਭੰਗੂ): ਤਰਨਤਾਰਨ, ਬਟਾਲਾ ਅਤੇ ਜੰਡਿਆਲਾ ਗੁਰੂ ਵਿੱਚ ਜ਼ਹਿਰੀਲੀ ਸ਼ਰਾਬ ਨਾਲ਼ ਹੋਈਆਂ ਮੌਤਾਂ ਦੇ ਸਬੰਧ ਵਿੱਚ ਅੱਜ ਤਰਨ ਤਾਰਨ ਪੁਲੀਸ ਨੇ ਪਟਿਆਲਾ ਜ਼ਿਲ੍ਹੇ ’ਚੋਂ ਚਾਰ ਜਣਿਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ। ਅਧਿਕਾਰਤ ਤੌਰ ’ਤੇ ਪਟਿਆਲਾ ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ।

Leave a Reply

Your email address will not be published. Required fields are marked *