ਗੁਰਦੁਆਰੇ ਵਿਚ ਨਿਹੰਗ ਮੁਖੀ ਵੱਲੋਂ ਕੁੱਤਾ ਲਿਜਾਣ ਤੋਂ ਰੋਸ

ਰਈਆ : ਇਤਿਹਾਸਕ ਗੁਰਦੁਆਰਾ ਤਪ ਅਸਥਾਨ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਸਾਹਿਬ ਵਿੱਚ ਕਥਿਤ ਨਿਹੰਗ ਮੁਖੀ ਵਲੋ ਜ਼ਬਰਦਸਤੀ ਕੁੱਤਾ ਲਿਜਾ ਕੇ ਮੱਥਾ ਟਿਕਾਉਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਕੋਲ ਪੁੱਜਣ ਉਪਰੰਤ ਉਨ੍ਹਾਂ ਵੱਲੋਂ ਜਾਚ ਲਈ ਕਮੇਟੀ ਕਾਇਮ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾ ਕਥਿਤ ਨਿਹੰਗ ਮੁਖੀ ਭਰਥ ਸਿੰਘ ਵਲੋ ਆਪਣੇ ਵੱਡੀ ਗਿਣਤੀ ਨਿਹੰਗ ਸਮਰਥਕਾਂ ਨਾਲ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕਿ ਜ਼ਬਰਦਸਤੀ ਆਪਣੇ ਨਾਲ ਕੁੱਤੇ ਨੂੰ ਦਰਬਾਰ ਅੰਦਰ ਮੱਥਾ ਟਿਕਾਉਣ ਸਬੰਧੀ ਸੋਸ਼ਲ ਮੀਡੀਆ ਤੇ ਖ਼ਬਰ ਨਸਰ ਹੋਣ ਤੋ ਬਾਅਦ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਸਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਲਿਖਤੀ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਨਿਹੰਗ ਕੁੱਤੇ ਸਮੇਤ ਗੁਰਦੁਆਰੇ ਦੇ ਗੇਟ ਤੋਂ ਧੱਕੇ ਨਾਲ ਦਾਖਲ ਹੋਏ ਅਤੇ ਸੇਵਾਦਾਰਾਂ ਨੂੰ ਵੀ ਧੱਕੇ ਮਾਰੇ ਗਏ ਅਤੇ ਅੱਗੇ ਲੰਘ ਗਏ ,ਜਦੋਂ ਦਰਬਾਰ ਸਾਹਿਬ ਦੇ ਚਰਨ ਕੁੰਡ ਤੋਂ ਸੇਵਾਦਾਰਾਂ ਵਲੋ ਕੁੱਤੇ ਨੂੰ ਦਰਬਾਰ ਸਾਹਿਬ ਲਿਜਾਉਣ ਤੋ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਿਹੰਗ ਸੇਵਾਦਾਰ ਦੀ ਕੁੱਟਮਾਰ ਕਰਕੇ ਕੁੱਤੇ ਨੂੰ ਲੈ ਕਿ ਦਰਬਾਰ ਸਾਹਿਬ ਵਿਚ ਦਾਖਲ ਹੋ ਗਏ। ਇਸ ਤੋ ਬਾਅਦ ਨਿਹੰਗਾਂ ਨੇ ਕੁੱਤੇ ਨੂੰ ਪਹਿਲਾਂ ਦਰਬਾਰ ਸਾਹਿਬ ਦੇ ਵਿਚ ਅਗਲੇ ਪਾਸੇ ਮੱਥਾ ਟਿਕਾਇਆਂ ਅਤੇ ਫਿਰ ਚਲਦੇ ਬਣੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਤੌਰ ’ਤੇ ਭੇਜ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਦੀ ਧਾਰਮਿਕ ਅਵੱਗਿਆ ਕਰਨ ਵਾਲੇ ਲੋਕਾਂ ਨੂੰ ਬਣਦੀ ਧਾਰਮਿਕ ਸਜ਼ਾ ਲਾਈ ਜਾਵੇ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੀ ਏ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਉਨ੍ਹਾਂ ਨੂੰ ਪ੍ਰਾਪਤ ਹੋ ਚੁੱਕੀ ਹੈ ਜਿਸ ਸਬੰਧੀ ਜਾਂਚ ਕਮੇਟੀ ਬਣਾਈ ਗਈ ਹੈ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *