ਕਰੋਨਾ: ਪੰਜਾਬ ’ਚ ਇਕੋ ਦਿਨ ’ਚ ਰਿਕਾਰਡ 41 ਮੌਤਾਂ

ਚੰਡੀਗੜ੍ਹ : ਅਗਸਤ ਦੇ ਮੱਧ ਮਗਰੋਂ ਕਰੋਨਾ ਲਾਗ ਦਾ ਫੈਲਾਅ ਪੰਜਾਬ ਨੂੰ ਇਕਦਮ ਨਾਜ਼ੁਕ ਮੋੜ ’ਤੇ ਲਿਜਾਣ ਲੱਗਾ ਹੈ। ਕਰੋਨਾ ਕਰਕੇ ਪਾਜ਼ੇਟਿਵ ਕੇਸਾਂ ਤੇ ਮੌਤਾਂ ਦਾ ਅੰਕੜਾ ਸਿਖਰ ਛੂਹਣ ਲੱਗਾ ਹੈ। ਕਰੋਨਾਵਾਇਰਸ ਨੇ ਅੱਜ ਇੱਕੋ ਦਿਨ ਵਿੱਚ 41 ਜਾਨਾਂ ਲੈ ਲਈਆਂ ਹਨ, ਜੋ ਆਪਣੇ ਆਪ ਵਿੱਚ ਹੁਣ ਤੱਕ ਦਾ ਰਿਕਾਰਡ ਹੈ। ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਇਹਤਿਆਤ ਵਜੋਂ ਪੂਰੇ ਸੂਬੇ ਵਿਚ ਰਾਤ ਦਾ ਕਰਫਿਊ ਮੁੜ ਲਾਗੂ ਕਰ ਦਿੱਤਾ ਸੀ। ਅੱਜ ਦੇ ਅੰਕੜਿਆਂ ਨੂੰ ਵੇਖਦਿਆਂ ਪੰਜਾਬ ਸਰਕਾਰ ਹੋਰ ਨਵੀਆਂ ਪਾਬੰਦੀਆਂ ਵੀ ਆਇਦ ਕਰ ਸਕਦੀ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਤੇ ਪੰਜਾਬ ਸਰਕਾਰ ’ਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਅੱਜ ਇੱਕੋ ਦਿਨ ਵਿਚ 1165 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਅੰਕੜੇ ਸਿਖਰ ਛੂਹਣ ਲੱਗੇ ਹਨ ਅਤੇ ਪੰਜਾਬ ਦਾ ਕੋਈ ਵੀ ਖ਼ਿੱਤਾ ਇਸ ਤੋਂ ਨਹੀਂ ਬਚ ਸਕਿਆ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ (ਸ਼ਨਿੱਚਰਵਾਰ ਸ਼ਾਮ ਪੰਜ ਵਜੇ ਤੋਂ ਐਤਵਾਰ ਸ਼ਾਮ ਪੰਜ ਵਜੇ ਤਕ) ਦੌਰਾਨ ਹੋਈਆਂ ਮੌਤਾਂ ’ਚੋਂ 14 ਲੁਧਿਆਣਾ ਜ਼ਿਲ੍ਹੇ ਵਿੱਚ, ਸੱਤ ਪਟਿਆਲਾ ਜ਼ਿਲ੍ਹੇ ਤੇ ਚਾਰ ਜਲੰਧਰ ਜ਼ਿਲ੍ਹੇ ਵਿੱਚ ਹੋਈਆਂ ਹਨ। ਇਸੇ ਤਰ੍ਹਾਂ ਸੰਗਰੂਰ ਤੇ ਅੰਮ੍ਰਿਤਸਰ ਵਿਚ ਤਿੰਨ-ਤਿੰਨ ਮੌਤਾਂ, ਬਰਨਾਲਾ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ ਅਤੇ ਮੁਹਾਲੀ ਵਿਚ ਇੱਕ ਇੱਕ ਮੌਤ ਹੋਈ ਹੈ ਜਦੋਂ ਕਿ ਫਿਰੋਜ਼ਪੁਰ ਵਿਚ ਦੋ ਮੌਤਾਂ ਹੋਈਆਂ ਹਨ। ਪੰਜਾਬ ਵਿਚ ਹੁਣ ਤੱਕ 7,70,873 ਨਮੂਨੇ ਲਏ ਗਏ ਹਨ ਜਿਨ੍ਹਾਂ ’ਚੋਂ 31,206 ਕੇਸ ਪਾਜ਼ੇਟਿਵ ਪਾਏ ਗਏ ਹਨ। 19,431 ਪੀੜਤਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਇਸ ਵੇਲੇ 10,963 ਐਕਟਿਵ ਕੇਸ ਹਨ। ਹੁਣ ਤੱਕ ਪੰਜਾਬ ਵਿਚ ਮੌਤਾਂ ਦੀ ਗਿਣਤੀ ਦਾ ਅੰਕੜਾ 812 ’ਤੇ ਪੁੱਜ ਗਿਆ ਹੈ। ਲੁਧਿਆਣਾ ਜ਼ਿਲ੍ਹੇ ਵਿਚ ਸਭ ਤੋਂ ਵੱਧ ਅੱਜ 315 ਨਵੇਂ ਕੇਸ ਆਏ ਹਨ ਜਦੋਂ ਕਿ ਜਲੰਧਰ ਵਿਚ 187, ਪਟਿਆਲਾ ਵਿਚ 90, ਮੁਹਾਲੀ ਵਿਚ 91, ਗੁਰਦਾਸਪੁਰ ਵਿਚ 74, ਫਿਰੋਜ਼ਪੁਰ ’ਚ 96, ਮੋਗਾ ਵਿਚ 64 ਅਤੇ ਬਠਿੰਡਾ ਵਿਚ 16 ਕੇਸ ਨਵੇਂ ਆਏ ਹਨ। ਅੱਜ ਨਵੇਂ ਕੇਸਾਂ ਵਿਚ 21 ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਵੀ ਪਾਜ਼ੇਟਿਵ ਨਿਕਲੇ ਹਨ।