ਕੈਨੇਡਾ ’ਚ ਬਗ਼ੈਰ ਆਗਿਆ ਤੋਂ ਛਾਪੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ: ਸ਼੍ਰੋਮਣੀ ਕਮੇਟੀ ਦਾ ਦਾਅਵਾ

ਅੰਮ੍ਰਿਤਸਰ : ਕੈਨੇਡਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਗ਼ੈਰ ਆਗਿਆ ਛਾਪਣ ਦਾ ਮਾਮਲਾ ਭਖ਼ ਗਿਆ ਹੈ। ਅੱਜ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਆਖਿਆ ਹੈ ਕਿ ਕੈਨੇਡਾ ਵਿਚ ਪਾਵਨ ਸਰੂਪ ਛਾਪਣ ਬਾਰੇ ਕਿਸੇ ਨੂੰ ਪ੍ਰਵਾਨਗੀ ਨਹੀਂ ਦਿੱਤੀ। ਕੈਨੇਡਾ ਵਿਚ ਸਤਨਾਮ ਐਜੂਕੇਸ਼ਨ ਟਰਸੱਟ ਵਲੋਂ ਆਪਣੇ ਤੌਰ ’ਤੇ ਪਾਵਨ ਸਰੂਪ ਛਾਪਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਿੱਖ ਸੰਸਥਾ ਨੇ ਇਸ ਸਬੰਧੀ ਕਿਸੇ ਨੂੰ ਵੀ ਪ੍ਰਵਾਨਗੀ ਨਹੀਂ ਦਿੱਤੀ ਹੈ। ਸਤਨਾਮ ਟਰਸਟ ਦੇ ਨੁਮਾਇੰਦੇ ਆਖ ਰਹੇ ਹਨ ਕਿ ਉਨ੍ਹਾਂ ਕੋਲ ਸ਼੍ਰੋਮਣੀ ਕਮੇਟੀ ਵਲੋਂ ਦਿੱਤੀ ਹੋਈ ਲਿਖਤੀ ਪ੍ਰਵਾਨਗੀ ਹੈ ਪਰ ਇਹ ਦਾਅਵਾ ਸਰਾਸਰ ਝੂਠ ਹੈ। ਅਕਾਲ ਤਖ਼ਤ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਦਾ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਹੈ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਨੇ ਵੀ ਸਤਨਾਮ ਟਰਸਟ ਨੂੰ ਪੱਤਰ ਭੇਜ ਕੇ ਆਖਿਆ ਕਿ ਇਹ ਕਾਰਵਾਈ ਹੁਕਮਨਾਮੇ ਦੀ ਉਲੰਘਣਾ ਹੈ ਅਤੇ ਅਕਾਲ ਤਖ਼ਤ ਨੂੰ ਚੁਣੌਤੀ ਹੈ, ਜਿਸ ਕਾਰਨ ਸਿੱਖ ਸੰਗਤ ਵਿਚ ਰੋਸ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਕੌਂਸਲ ਵਲੋਂ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਜਿੰਨੇ ਵੀ ਸਰੂਪ ਹੁਣ ਤਕ ਛਾਪੇ ਗਏ ਹਨ ਉਨ੍ਹਾਂ ਨੂੰ 22 ਅਗਸਤ ਦੀ ਸ਼ਾਮ ਤਕ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਪਹੁੰਚਾ ਦਿੱਤਾ ਜਾਵੇ, ਛਪਾਈ ਨਾਲ ਸਬੰਧਤ ਸਾਰਾ ਸਮਾਨ ਵੀ ਉਥੇ ਪਹੁੰਚਾਇਆ ਜਾਵੇ। ਕੈਨੇਡਾ ਦੇ ਟਰਸੱਟ ਵਲੋਂ ਹੁਣ 20 ਸਰੂਪ ਛਾਪੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਤਿ ਆਧੁਨਿਕ ਮਸ਼ੀਨਰੀ ਅਤੇ ਛਪਾਈ ਤਕਨੀਕ ਵੀ ਹੈ।

Leave a Reply

Your email address will not be published. Required fields are marked *