ਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਦੋ ਦਿਨਾਂ ਦੀ ਆਰਜ਼ੀ ਰਾਹਤ

ਐੱਸ.ਏ.ਐੱਸ. ਨਗਰ (ਮੁਹਾਲੀ) : ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੁਹਾਲੀ ਅਦਾਲਤ ਤੋਂ ਅਗਲੇ ਦੋ ਦਿਨਾਂ ਲਈ ਆਰਜ਼ੀ ਰਾਹਤ ਮਿਲ ਗਈ ਹੈ। ਸੁਮੇਧ ਸੈਣੀ ਨੇ ਬੀਤੇ ਕੱਲ੍ਹ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੇ ਵਕੀਲਾਂ ਰਾਹੀ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਧਾਰਾ 302 ਵਿੱਚ ਅਗਾਊਂ ਜ਼ਮਾਨਤ ਦੇਣ ਦੀ ਗੁਹਾਰ ਲਗਾਈ ਸੀ। ਅੱਜ ਡਿਊਟੀ ਮੈਜਿਸਟ੍ਰੇਟ ਸੰਜੇ ਅਗਨੀਹੋਤਰੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਸੈਣੀ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਡਿਊਟੀ ਜੱਜ ਬਹਿਸ ਨਹੀਂ ਸੁਣ ਰਹੇ ਹਨ ਤਾਂ ਮੁਲਜ਼ਮ ਦੀ ਜ਼ਮਾਨਤ ਕਿਵੇਂ ਹੋ ਸਕਦੀ ਹੈ। ਇਸ ਦਲੀਲ ’ਤੇ ਅਦਾਲਤ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਪਹਿਲਾਂ ਲੱਗੀ ਕੱਚੀ ਰੋਕ ਦੀ ਮਿਆਦ ਦੋ ਦਿਨ ਹੋਰ ਅੱਗੇ ਵਧਾਉਂਦਿਆਂ ਇਹ ਕੇਸ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿੱਚ ਰੈਫਰ ਕਰ ਦਿੱਤਾ। ਹੁਣ 27 ਅਗਸਤ ਨੂੰ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਵੇਗੀ

ਚਸ਼ਮਦੀਦ ਗਵਾਹ ਨੇ ਬਿਆਨ ਦਰਜ ਕਰਾਏ

ਚੰਡੀਗੜ੍ਹ ਦੇ ਵਸਨੀਕ ਰਾਜੇਸ਼ ਰਾਜਾ ਚਸ਼ਮਦੀਦ ਗਵਾਹ ਵਜੋਂ ਅੱਗੇ ਆਏ ਹਨ। ਉਨ੍ਹਾਂ ਬੀਤੇ ਕੱਲ੍ਹ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਧਾਰਾ 164 ਤਹਿਤ ਆਪਣੇ ਬਿਆਨ ਕਲਮਬੰਦ ਕਰਵਾਏ ਹਨ। ਕਰੀਬ 29 ਸਾਲ ਪਹਿਲਾਂ ਰਾਜੇਸ਼ ਰਾਜਾ ਵੀ ਲੜਾਈ ਦੇ ਮਾਮਲੇ ਵਿੱਚ ਸੈਕਟਰ-17 ਥਾਣੇ ਦੀ ਹਵਾਲਾਤ ਵਿੱਚ ਬੰਦ ਸੀ। ਉਸੇ ਹਵਾਲਾਤ ਵਿੱਚ ਮੁਲਤਾਨੀ ਵੀ ਬੰਦ ਸੀ। ਰਾਜੇਸ਼ ਨੇ ਵੀ ਆਪਣੇ ਬਿਆਨਾਂ ਵਿੱਚ ਮੁਲਤਾਨੀ ’ਤੇ ਅੰਨ੍ਹੇਵਾਹ ਤਸ਼ੱਦਦ ਕਰਨ ਦੀ ਗੱਲ ਆਖੀ ਹੈ।

Leave a Reply

Your email address will not be published. Required fields are marked *