ਬਠਿੰਡਾ ’ਚ ਅਕਾਲੀ ਵਰਕਰ ਦਾ ਗੋਲੀਆਂ ਮਾਰ ਕੇ ਕਤਲ

ਬਠਿੰਡਾ : ਬਠਿੰਡਾ ਵਿਚ ਲੰਘੀ ਰਾਤ ਇੱਕ ਅਕਾਲੀ ਆਗੂ ਦੀ ਗੋਲੀਆਂ ਮਾਰ ਕੇ ਹੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਸ਼ਨਾਖਤ ਸੁਖਮਨ ਸਿੰਘ ਸੰਧੂ (26) ਪੁੱਤਰ ਗੁਰਵਿੰਦਰ ਸਿੰਘ ਸੰਧੂ ਵਾਸੀ ਲਾਲ ਸਿੰਘ ਨਗਰ ਗਲੀ ਨੰ. 9 ਵਜੋਂ ਹੋਈ ਹੈ। ਮ੍ਰਿਤਕ ਅਕਾਲੀ ਦਲ ਦਾ ਸਰਗਰਮ ਵਰਕਰ ਸੀ ਅਤੇ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨਗੀ ਦਾ ਪ੍ਰਮੁੱਖ ਦਾਅਵੇਦਾਰ ਸੀ। ਘਟਨਾ ਦਾ ਪਤਾ ਚਲਦਿਆਂ ਥਾਣਾ ਕੈਨਾਲ ਦੀ ਪੁਲੀਸ ਅਤੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਮੌਕੇ ’ਤੇ ਪਹੁੰਚੇ।
ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਸੁਖਮਨ ਤੇ ਉਸ ਦੇ ਸਾਥੀਆਂ ਦਾ ਕੁਝ ਲੋਕਾਂ ਨਾਲ ਝਗੜਾ ਹੋਇਆ ਤੇ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਵੀ ਚੱਲੀਆਂ ਸਨ। ਇਸ ਮਾਮਲੇ ’ਚ ਸੁਖਮਨ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਹੋਇਆ ਸੀ ਤੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਪਰਿਵਾਰ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ 8.30 ਵਜੇ ਕਰੀਬ ਸੁਖਮਨ ਘਰ ਆਇਆ ਸੀ ਅਤੇ ਕਿਸੇ ਨੂੰ ਪੈਸੇ ਦੇ ਵਾਪਿਸ ਆਉਣ ਦੀ ਗੱਲ ਕਹਿ ਗਿਆ ਸੀ। ਸੁਖਮਨ ਦੇ ਪਿਤਾ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੁਖਮਨ ਕਿਸੇ ਨੂੰ 40 ਹਜ਼ਾਰ ਰੁਪਏ ਦੇਣ ਲਈ ਐਕਟਿਵਾ ’ਤੇ ਬਾਹਰ ਨਿਕਲਿਆ ਅਤੇ ਸ਼ਹਿਰ ਦੀ ਪੁਰਾਣੀ ਕੈਨਾਲ ਚੌਕੀ ਦੇ ਸੁੰਨਸਾਨ ਖੇਤਰ ਵਿੱਚ ਉਸ ਦਾ ਕਿਸੇ ਨੇ ਸਿਰ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੁਖਮਨ ਸਿੰਘ ਦੇ ਪਿਤਾ ਨੇ ਕਾਂਗਰਸ ਨਾਲ ਸਬੰਧਤ ਇੱਕ ਚੇਅਰਮੈਨ ’ਤੇ ਸੁਖਮਨ ਨੂੰ ਕਤਲ ਕਰਨ ਦੇ ਦੋਸ਼ ਲਗਾਏ ਹਨ।
ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਕੋਲੋਂ ਮੋਬਾਈਲ ਫੋਨ ਅਤੇ ਪਿਸਤੌਲ ਵੀ ਬਰਾਮਦ ਹੋਇਆ ਤੇ ਮ੍ਰਿਤਕ ਨੂੰ ਕਿਸੇ ਨੇ ਨੇੜਿਓਂ ਗੋਲੀ ਮਾਰੀ ਹੈ। ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।