ਮੋਗਾ ਸਕੱਤਰੇਤ ’ਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਦੇ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪੀ

ਮੋਗਾ : ਇਥੇ ਜ਼ਿਲ੍ਹਾ ਸਕੱਤਰੇਤ ਇਮਾਰਤ ਉੱਤੇ ਆਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਤਿਰੰਗੇ ਦੀ ਬੇਅਦਬੀ ਮਾਮਲੇ ਦੀ ਤਫ਼ਤੀਸ਼ ਹੁਣ ਕੌਮੀ ਜਾਂਚ ਏਜੰਸੀ(ਐੱਨਆਈਏ) ਨੂੰ ਸੌਪ ਦਿੱਤੀ ਗਈ ਹੈ। ਮੈਜਿਸਟਰੇਟ ਸਾਹਮਣੇ ਮੁਲਜ਼ਮਾਂ ਦੀ ਸਨਾਖ਼ਤ ਪਰੇਡ ਕਰਵਾਈ ਗਈ। ਐੱਨਆਈਏ ਇੰਸਪੈਕਟਰ ਅਮਰੀਸ਼ ਕੁਮਾਰ ਦੀ ਅਗਵਾਈ ਹੇਠ 3 ਮੈਂਬਰੀ ਜਾਂਚ ਟੀਮ ਨੇ ਸਰਕਾਰੀ ਵਕੀਲ ਅਤੇ ਪੁਲੀਸ ਅਧਿਕਾਰੀਆਂ ਪਾਸੋਂ ਹੁਣ ਤੱਕ ਦੀ ਤਫ਼ਤੀਸ਼ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਮੁਲਜ਼ਮਾਂ ਇੰਦਰਜੀਤ ਸਿੰਘ ਗਿੱਲ ਅਤੇ ਜਸਪਾਲ ਸਿੰਘ ਉਰਫ਼ ਰਿੰਪਾਂ ਨੂੰ ਮੈਜਿਸਟਰੇਟ ਸਾਹਮਣੇ ਸ਼ਨਾਖ਼ਤ ਪਰੇਡ ਦੌਰਾਨ ਗਾਰਦ ਇੰਚਾਰਜ ਏਐੱਸਆਈ ਧਲਵਿੰਦਰ ਸਿੰਘ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਕਰ ਦਿੱਤੀ। ਥਾਣਾ ਸਿਟੀ ’ਚ ਦਰਜ ਕੀਤੀ ਗਈ ਦੇਸ਼ ਧ੍ਰੋਹ ਦੀ ਐਫ਼ਆਈਆਰ’ਚ ਆਈਪੀਸੀ ਦੀ ਧਾਰਾ 115 (ਅਪਰਾਧ ਲਈ ਭੜਕਾਉਣਾ) ਦਾ ਵਾਧਾ ਕਰਕੇ ਸਿੱਖਸ ਫ਼ਾਰ ਜਸਟਿਸ (ਐੱਸਜੇਐੱਫ) ਆਗੂ ਰਾਣਾ ਅਤੇ ਸਲਾਹਕਾਰ ਗੁਰਪਤਵੰਤ ਸਿੋਂਘ ਪੰਨੂ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ। ਐੱਸਜੇਐੱਫ ਆਗੂ ਰਾਣਾ ਸਿੰਘ ਨੇ ਸੰਯੂਕਤ ਰਾਸ਼ਟਰ ਸੰਘ (ਯੂਐੱਨਓ)’ਚ ਇਥੋਂ ਦੇ ਐੱਸਐੱਸਪੀ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਾਇਰ ਕਰਨ ਦੀ ਜਾਣਕਾਰੀ ਦਿੰਦੇ ਲਾਈਵ ਹੋ ਕੇ ਬੁਰਾ ਭਲਾ ਵੀ ਆਖਿਆ ਸੀ। ਇਸ ਮਾਮਲੇ’ਚ ਪੁਲੀਸ ਵੱਲੋਂ ਹੁਣ ਤੱਕ ਕੁੱਲ 7 ਮੁਲਜਮਾਂ ਨੂੰ ਨਾਮਜ਼ਦ ਕਰਕੇ ਦੋਵੇ ਮੁੱਖ ਮੁਲਜ਼ਮਾਂ ਤੋਂ ਇਲਾਵਾ ਸਕੱਤਰੇਤ ’ਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਦੀ ਵੀਡੀਓ ਬਣਾਉਣ ਵਾਲੇ ਵਿਦਿਆਰਥੀ ਅਕਾਸ਼ਦੀਪ ਸਿੰਘ, ਪਨਾਹਗਾਰ ਰਾਮ ਤੀਰਥ ਪਿੰਡ ਰੌਲੀ ਅਤੇ ਜੱਗਾ ਸਿੰਘ ਵਾਸੀ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਕੇਸ ’ਚ ਨਾਮਜ਼ਦ ਐੱਸਜੇਐੱਫ ਆਗੂ ਰਾਣਾ ਸਿੰਘ ਅਤੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਸ਼ਾਮਲ ਹਨ। ਪਨਾਹਗਾਰ ਤੇ ਦੋਵੇਂ ਮੁੱਖ ਮੁਲਜ਼ਮ ਪੁਲੀਸ ਰਿਮਾਂਡ ਉੱਤੇ ਹਨ। ਦੋਵਾਂ ਮੁੱਖ ਮੁਲਜ਼ਮਾਂ ਨੂੰ ਦਿੱਲੀ ਪੁਲੀਸ ਦੇ ਵਿਸੇਸ਼ ਸੈੱਲ ਨੇ ਕਾਬੂ ਕੀਤਾ ਸੀ ਅਤੇ ਉਹ ਨੇਪਾਲ ਰਸਤੇ ਪਾਕਿ ਜਾਣਾ ਚਾਹੁੰਦੇ ਸਨ। ਮੁਲਜ਼ਮ ਇੰਦਰਜੀਤ ਨੇ ਰੈਫ਼ਰੈਂਡਮ 2020 ਤਹਿਤ 9 ਅਗਸਤ ਨੂੰ ਖਾਲਿਸਤਾਨ’ਦੇ ਹੱਕ ’ਚ ਵੋਟ ਪਾਈ।

Leave a Reply

Your email address will not be published. Required fields are marked *