ਪੰਜਾਬ ਪੁਲੀਸ ਦੀ ਵਰਦੀ ’ਚ ਨਸ਼ਾ ਤਸਕਰਾਂ ਦੀ ਟੀਮ ਅਸਲੀ ਪੁਲੀਸ ਨੇ ਦੇਖ ਫ਼ਰਾਰ

ਮੋਗਾ : ਇਥੇ ਥਾਣਾ ਮਹਿਣਾ ਨੇ ਪੰਜਾਬ ਪੁਲੀਸ ਦੀ ਵਰਦੀ ‘ਚ ਨਸ਼ਾ ਤਸਕਰੀ ਕਰਨ ਵਾਲਾ ਗਰੋਹ ਬੇਨਕਾਬ ਕੀਤਾ ਹੈ। ਪੁਲੀਸ ਛਾਪੇ ਤੋਂ ਪਹਿਲਾਂ ਪੁਲੀਸ ਦੀ ਵਰਦੀ ’ਚ ਨਸ਼ਾ ਤਸਕਰਾਂ ਦੀ ਟੀਮ ਅਸਲੀ ਪੁਲੀਸ ਨੇ ਦੇਖ ਫ਼ਰਾਰ ਹੋ ਗਈ। ਪੁਲੀਸ ਨੇ ਮੌਕੇ ਤੋਂ ਬਰਾਮਦ ਟਰੱਕ ’ਚੋਂ ਐੱਸਆਈ, ਏਐੱਸਆਈ ਤੇ ਝਾਲਰ ਪੱਗਾਂ ਸਣੇ ਸਿਪਾਹੀਆਂ ਦੀਆਂ ਵਰਦੀਆਂ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਅਤੇ ਥਾਣਾ ਮਹਿਣਾ ਮੁਖੀ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਕੁਲਵੰਤ ਸਿੰਘ ਨੂੰ ਮਿਲੀ ਸੂਚਨਾਂ ਅਧਾਰ ਉੱਤੇ ਦੋ ਸਕੇ ਭਰਾਵਾਂ ਦਰਸ਼ਨ ਸਿੰਘ ਉਰਫ਼ ਰਾਜੂ ਅਤੇ ਬਲਵੰਤ ਸਿੰਘ ਪਿੰਡ ਫ਼ਤਿਹਗੜ੍ਹ ਕੋਰੋਟਾਣਾ (ਧਰਮਕੋਟ) ਅਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜਮ ਦਰਸ਼ਨ ਸਿੰਘ ਉਰਫ਼ ਰਾਜੂ ਖ਼ਿਲਾਫ਼ ਪਹਿਲਾਂ ਵੀ ਤਸਕਰੀ ਦੇ ਕੇਸ ਅਦਾਲਤ ’ਚ ਵਿਚਾਰ ਅਧੀਨ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਛਾਪਾਮਾਰੀ ਕਰਕੇ ਉਥੋਂ ਇੱਕ ਸੋਨਾਲੀਕਾ ਟਰੈਕਟਰ ਅਤੇ ਟਰੱਕ ਬਰਾਮਦ ਕੀਤਾ। ਟਰੱਕ ਵਿੱਚ ਭੁੱਕੀ ਲਿਆਉਣ ਲਈ ਵਿਸੇਸ਼ ਕੈਬਿਨ ਬਣਾਇਆ ਹੋਇਆ ਸੀ। ਟਰੱਕ ’ਚੋਂ ਐੱਸਆਈ,ਏਐੱਸਆਈ ਤੇ ਝਾਲਰ ਪੱਗਾਂ ਸਣੇ ਸਿਪਾਹੀਆਂ ਦੀਆਂ ਵਰਦੀਆਂ, ਬਿਲਟ,3 ਰੌਂਦ ਸਣੇ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜਮ ਪੁਲੀਸ ਛਾਪੇ ਤੋਂ ਪਹਿਲਾਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਗਰੋਹ ਦਾ ਸਰਗਨਾ ਦਰਸ਼ਨ ਸਿੰਘ ਉਰਫ਼ ਰਾਜੂ ਥਾਣੇਦਾਰ ਦੀ ਭੂਮਿਕਾ ਵਿੱਚ ਅਤੇ ਦੂਜੇ ਮੁਲਜ਼ਮ ਏਐੱਸਆਈ ਤੇ ਸਿਪਾਹੀ ਦੀ ਭੂਮਿਕਾ ਵਿੱਚ ਹੁੰਦੇ ਹੁੰਦੇ ਦੱਸੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁਲਜਮ ਆਪਣੇ ਵਾਹਨਾਂ ਉੱਤੇ ਨਕਲੀ ਰਜਿਸਟਰੇਸ਼ਨ ਨੰਬਰ ਲਗਾ ਕੇ ਅਤੇ ਪੰਜਾਬ ਪੁਲੀਸ ਵਰਦੀ ’ਚ ਭੋਲੇ ਭਾਲੇ ਲੋਕਾਂ ਨੂੰ ਨਾਕਾਬੰਦੀ ਕਰਕੇ ਠੱਗੀਆਂ ਮਾਰਦੇ ਸਨ। ਜਾਂਚ ਅਧਿਕਾਰੀ ਥਾਣੇਦਾਰ ਜਗਜੀਤ ਸਿੰਘ ਨੇ ਕਿਹਾ ਕਿ ਮੁਲਜਮਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *