ਕਈ ਦੇਸ਼ਾਂ ‘ਚ ਦੂਜੇ ਦੌਰ ਦੇ ਇਨਫੈਕਸ਼ਨ ਦਾ ਖ਼ਤਰਾ

ਲੰਡਨ : ਵਿਸ਼ਵ ਦੇ ਕਈ ਦੇਸ਼ਾਂ ‘ਚ ਦੂਜੇ ਦੌਰ ਦੇ ਇਨਫੈਕਸ਼ਨ ਦਾ ਖ਼ਤਰਾ ਮੰਡਰਾਉਂਦਾ ਦਿਸ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਬਰਤਾਨੀਆ ‘ਚ 2,948 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਨੇ ਕਿਹਾ ਕਿ ਜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਹਾਲਾਤ ਕਾਫੀ ਖ਼ਰਾਬ ਹੋ ਸਕਦੇ ਹਨ। ਫਰਾਂਸ ‘ਚ ਤਾਂ ਨਾ ਸਿਰਫ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵਧੀ ਹੈ ਤੇ ਬਲਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ‘ਚ ਇਜ਼ਾਫਾ ਹੋਇਆ ਹੈ। 4,203 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ ਜਿਥੇ 3,28,980 ਹੋ ਗਈ ਉਥੇ 25 ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ‘ਚ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਤਦਾਦ 30,726 ਪੁੱਜ ਗਈ ਹੈ। ਰੂਸ ‘ਚ ਵੀ ਇਨਫੈਕਸ਼ਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਪਿਛਲੇ 24 ਘੰਟਿਆਂ ‘ਚ 5,099 ਨਵੇਂ ਮਰੀਜ਼ ਮਿਲਣ ਨਾਲ ਹੀ 122 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦਾ ਅਸਰ ਰੂਸ ਦੇ ਅਰਥਚਾਰੇ ‘ਤੇ ਵੀ ਪੈ ਰਿਹਾ ਹੈ। ਉਸ ਨੇ ਫ਼ੌਜ ‘ਤੇ ਖ਼ਰਚ ਹੋਣ ਵਾਲੀ ਰਕਮ ‘ਚ ਕਟੌਤੀ ਕੀਤੀ ਹੈ। ਇਜ਼ਰਾਈਲ ‘ਚ ਤਾਂ ਹਾਲਾਤ ਹੱਥੋਂ ਨਿਕਲਦੇ ਦਿਸ ਰਹੇ ਹਨ। ਪਿਛਲੇ 24 ਘੰਟਿਆਂ ‘ਚ 3,331 ਨਵੇਂ ਮਾਮਲਿਆਂ ਦਾ ਪਤਾ ਲੱਗਾ ਹੈ। ਇਹ ਪਹਿਲੀ ਵਾਰ ਹੈ ਜਦੋਂ ਏਨੀ ਵੱਡੀ ਗਿਣਤੀ ‘ਚ ਮਰੀਜ਼ਾਂ ਦਾ ਪਤਾ ਲੱਗਾ ਹੈ।