ਫਜ਼ਲੁਰ ਰਹਿਮਾਨ ਬਣੇ ਪਾਕਿਸਤਾਨ ਜਮਹੂਰੀ ਮੁਹਿੰਮ ਦੇ ਪਹਿਲੇ ਪ੍ਰਧਾਨ

ਇਸਲਾਮਾਬਾਦ : ਪਾਕਿਸਤਾਨ ਦੇ ਉੱਘੇ ਮੌਲਵੀ ਤੇ ਸਿਆਸੀ ਆਗੂ ਮੌਲਾਣਾ ਫਜ਼ਲੁਰ ਰਹਿਮਾਨ ਨੂੰ ਸਰਬਸੰਮਤੀ ਨਾਲ ਅੱਜ ਸਰਕਾਰ ਵਿਰੋਧੀ ਗੱਠਜੋੜ ‘ਪਾਕਿਸਤਾਨ ਜਮਹੂਰੀ ਮੁਹਿੰਮ’ (ਪੀਡੀਐੱਮ) ਦਾ ਪਹਿਲਾ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਹੈ। ਇਸ ਸਬੰਧੀ ਫ਼ੈਸਲਾ ਬੀਤੇ ਦਿਨ ਵਿਰੋਧੀ ਧਿਰ ਦੇ ਆਗੂਆਂ ਦੀ ਆਨਲਾਈਨ ਹੋਈ ਮੀਟਿੰਗ ’ਚ ਲਿਆ ਗਿਆ। ਮੀਟਿੰਗ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ, ਬੀਐੱਨਪੀ ਮੁਖੀ ਸਰਦਾਰ ਅਖ਼ਤਰ ਮੈਂਗਲ ਸਮੇਤ ਹੋਰ ਸੀਨੀਅਰ ਆਗੂ ਹਾਜ਼ਰ ਸਨ। ਪੀਡੀਐੱਮ ਦੀ ਸੰਚਾਲਨ ਕਮੇਟੀ ਦੇ ਕਨਵੀਨਰ ਅਹਿਸਨ ਇਕਬਾਲ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਰਹਿਮਾਨ ਦਾ ਨਾਂ ਗੱਠਜੋੜ ਦੇ ਮੁਖੀ ਵਜੋਂ ਤਜਵੀਜ਼ ਕੀਤਾ ਤੇ ਪੀਪੀਪੀ ਦੇ ਚੇਅਰਮੈਨ ਬਿਲਾਵਲ ਤੇ ਹੋਰਨਾਂ ਨੇ ਇਸ ਦੀ ਤਾਈਦ ਕੀਤੀ। ਨਵਾਜ਼ ਸ਼ਰੀਫ਼ ਨੇ ਪਹਿਲਾਂ ਇਹ ਤਜਵੀਜ਼ ਵੀ ਪੇਸ਼ ਕੀਤੀ ਸੀ ਕਿ ਰਹਿਮਾਨ ਨੂੰ ਗੱਠਜੋੜ ਦਾ ਸਥਾਈ ਪ੍ਰਧਾਨ ਨਿਯੁਕਤ ਕਰਨਾ ਚਾਹੀਦਾ ਹੈ ਪਰ ਬਿਲਾਵਲ ਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਗੂ ਅਮੀਰ ਹੈਦਰ ਹੋਤੀ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਸੁਝਾਅ ਦਿੱਤਾ ਕਿ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਵਾਰੀ ਅਨੁਸਾਰ ਗੱਠਜੋੜ ਦਾ ਮੁਖੀ ਬਣਾਇਆ ਜਾਵੇ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਰਹਿਮਾਨ ਪੀਡੀਐੱਮ ਦੇ ਪਹਿਲੇ ਗੇੜ ਦੇ ਪ੍ਰੋਗਰਾਮ ਦੀ ਅਗਵਾਈ ਕਰਨਗੇ ਕਿਉਂਕਿ ਉਹ ਮੌਜੂਦਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਸਰਕਾਰ ਖ਼ਿਲਾਫ਼ ਪਿਛਲੇ ਸਾਲ ‘ਆਜ਼ਾਦੀ ਮਾਰਚ’ ਸਮੇਤ ਕਈ ਰੋਸ ਮੁਜ਼ਾਹਰਿਆਂ ਦੀ ਅਗਵਾਈ ਕਰ ਚੁੱਕੇ ਹਨ।