ਹਾਥਰਸ ਕਾਂਡ: ਮੋਦੀ ਤੇ ਯੋਗੀ ਦੇ ਪੁਤਲੇ ਫ਼ੂਕੇ

ਫਤਹਿਗੜ੍ਹ ਸਾਹਿਬ : ਬੀਤੀ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ‘ਮੁੱਖ ਮੰਤਰੀ ਯੋਗੀ ਦਾ ਜੰਗਲ ਰਾਜ ਖ਼ਤਮ ਕਰੋ’ ਮੁਹਿੰਮ ਤਹਿਤ ਪੰਜਾਬ ਮੁਹੰਮਦ ਬਾਲਮੀਕ ਸਭਾ ਅਤੇ ਆਮ ਆਦਮੀ ਪਾਰਟੀ ਫ਼ਤਿਹਗੜ੍ਹ ਸਾਹਿਬ ਵੱਲੋਂ 14 ਸਤੰਬਰ ਨੂੰ ਯੂਪੀ ਦੇ ਹਾਥਰਸ ਕਸਬੇ ਵਿੱਚ ਹੋਏ ਗੈਂਗਰੇਪ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤੇ ਕੈਂਡਲ ਮਾਰਚ ਕਰਕੇ ਪੀੜਤ ਲੜਕੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ‘ਆਪ’ ਦੇ ਸੀਨੀਅਰ ਆਗੂ ਬਲਦੇਵ ਜਲਾਲ, ਲਖਵੀਰ ਰਾਏ ਤੇ ਅਜੇ ਲਿਬੜਾ ਨੇ ਕਿਹਾ ਕਿ ਇਸ ਗੈਂਗਰੇਪ ਦੀ ਊਹ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਯੂਪੀ ਤੋਂ ਇਲਾਵਾ ਕਿਸੇ ਹੋਰ ਸੂਬੇ ਵਿੱਚ ਇਸ ਕੇਸ ਦੀ ਸੁਣਵਾਈ ਕੀਤੀ ਜਾਵੇ, ਕਿਉਂਕਿ ਯੂਪੀ ਸਰਕਾਰ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਜਿਹੀ ਗੁੰਡਾ ਰਾਜ ਚਲਾਉਣ ਵਾਲੀ ਸਰਕਾਰ ਤੋਂ ਇਨਸਾਫ਼ ਦੀ ਆਸ ਨਹੀਂ ਹੈ। ਇਸ ਕਰ ਕੇ ਊਨ੍ਹਾਂ ਮੰਗ ਕੀਤੀ ਕਿ ਇਮਾਨਦਾਰ ਜੱਜਾਂ ਦਾ ਬੈਂਚ ਬਣਾ ਕੇ ਕੇਸ ਦੀ ਸੁਣਵਾਈ ਕਰਵਾਈ ਜਾਵੇ ਤਾਂ ਜੋ ਬਲਾਤਕਾਰੀ ਅਤੇ ਮੁਜਰਮਾਂ ਦੇ ਸਹਿਯੋਗੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਈ ਜਾ ਸਕੇ।  

ਪੰਚਕੂਲਾ : ਪੰਚਕੂਲਾ ਜ਼ਿਲ੍ਹੇ ਦੇ ਇਲਾਕੇ ਕਾਲਕਾ ਵਿੱਚ ਮਹਿਲਾ ਸੁਰੱਖਿਆ ਬ੍ਰਿਗੇਡ ਦੁਆਰਾ ਹਾਥਰਸ ਹੱਤਿਆ ਕਾਂਢ ਦੇ ਵਿਰੋਧ ਵਿੱਚ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਮਹਿਲਾਵਾਂ ਨੇ ਭਾਰੀ ਰੋਸ ਪ੍ਰਗਟ ਕੀਤਾ। ਇਨ੍ਹਾਂ ਮਹਿਲਾਵਾਂ ਨੇ ਕਾਲਕਾ ਦੇ ਬਾਜ਼ਾਰ ਤੇ ਗਾਂਧੀ ਚੌਕ ਤੱਕ ਯੂਪੀ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕਰਦੇ ਹੋਏ ਮੋਮਬੱਤੀ ਮਾਰਚ ਕੱਢਿਆ। ਇਸ ਦੌਰਾਨ ਆਮ ਆਦਮੀ ਪਾਰਟੀ ਤੋਂ ਇਲਾਵਾ ਕਈ ਸਮਾਜਿਕ ਜਥੇਬੰਦੀਆਂ ਨੇ ਵੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਕੰਮ ਕਰਨ ਵਾਲਿਆਂ ਨੂੰ ਤੁਰੰਤ ਫਾਂਸੀ ਦਿੱਤੀ ਜਾਵੇ। 

ਬੱਸੀ ਪਠਾਣਾ : ਘੱਟ ਗਿਣਤੀ ਦਲਿਤ ਵਿੰਗ ਤੇ ਭੀਮ ਆਰਮੀ ਜਸਟਿਸ ਐਂਡ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਹੈਪੀ ਤੇ ਉਨ੍ਹਾਂ ਦੀ ਟੀਮ ਵੱਲੋਂ  ਹਾਥਰਸ ਵਿਚ ਹੋਈ ਘਿਨੌਣੀ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਣ ਕਰਦੇ ਹੋਏ ਮਨਪ੍ਰੀਤ ਸਿੰਘ ਹੈਪੀ ਨੇ  ਕਿਹਾ ਕਿ ਯੂਪੀ ਪੁਲੀਸ ਵੱਲੋਂ ਲੜਕੀ ਦਾ ਰਾਤ 2.30 ਵਜੇ ਸਸਕਾਰ ਕਰ ਦਿੱਤਾ ਗਿਆ ਅਤੇ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਨੂੰ ਧਮਕਾਇਆ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਜੇਕਰ ਪੀੜਤ ਪਰਿਵਾਰ ਨੂੰ ਇੰਨਸਾਫ ਨਾ ਮਿਲਿਆ ਤਾਂ ਦਲਿਤ ਸਮਾਜ ਵੱਲੋਂ ਭਾਜਪਾ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। 

ਚਮਕੌਰ ਸਾਹਿਬ :ਉੱਤਰ ਪ੍ਰਦੇਸ਼ ਵਿੱਚ ਪਿਛਲੇ ਦਿਨੀਂ ਵਾਪਰੀ ਦਲਿਤ ਪਰਿਵਾਰ ਦੀ ਲੜਕੀ ਨਾਲ ਦੁੱਖਦਾਈ ਤੇ ਸ਼ਰਮਨਾਕ ਘਟਨਾ ਨੇ ਦੇਸ਼ ਵਾਸੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਡ ਪਰਮੋਟਰ ਨਰਿੰਦਰ ਸਿੰਘ ਕੰਗ ਨੇ ਕਰਦਿਆਂ ਕਿਹਾ ਕਿ ਉੱਥੋਂ ਦੀ ਪੁਲੀਸ ਨੇ ਪੀੜਤ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਰਾਤ ਸਮੇਂ ਲੜਕੀ ਸਸਕਾਰ ਕਰ ਦਿੱਤਾ। ਇਸ ਘਟਨਾ ਕਾਰਨ ਸਮੁੱਚਾ ਦੇਸ਼ ਸ਼ਰਮਸ਼ਾਰ ਹੋਇਆ ਕਿ ਯੋਗੀ ਸਰਕਾਰ ਵੱਲੋਂ ਮੁੱਖ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਹੀ ਨਹੀਂ ਕੀਤਾ ਗਿਆ। ਸ੍ਰੀ ਕੰਗ ਨੇ ਕਿਹਾ ਕਿ ਦੇਸ਼ ਅੰਦਰ ਅਜਿਹੀਆਂ ਘਟਨਾਵਾਂ ਰੋਕਣ ਲਈ ਸਮੁੱਚੇ ਲੋਕਾਂ ਨੂੰ ਇਕੱਠੇ ਹੋ ਕੇ ਨਕੰਮੀਆਂ ਸਰਕਾਰਾਂ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ। ਇਸੇ ਦੌਰਾਨ ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਹਾਥਰਸ ਜਬਰ-ਜਨਾਹ ਤੇ ਦਰਿੰਦਗੀ ਭਰੇ ਕਤਲ ਵਿਰੁੱਧ ਕਸਬਾ ਬਹਿਰਾਮਪੁਰ ਬੇਟ ਵਿਚ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਬੱਚਿਆਂ, ਔਰਤਾਂ ਤੇ ਨੌਜਵਾਨਾਂ ਸਮੇਤ ਸਾਹਿਤਕਾਰਾਂ ਨੇ ਹਿੱਸਾ ਲਿਆ। ਰੋਸ ਮਾਰਚ ਦੀ ਅਗਵਾਈ ਪਿੰਡ ਦੇ ਸਰਪੰਚ ਐਡਵੋਕੇਟ ਕੁਲਦੀਪ ਸਿੰਘ ਰਾਣਾ, ਬਹੁਜਨ ਸਮਾਜ ਪਾਰਟੀ ਦੇ ਆਗੂ ਡਾ. ਧਰਮਪਾਲ ਅਤੇ ਸਾਹਿਤ ਸਭਾ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਨੇ ਕੀਤੀ। ਬਹੁਜਨ ਸਮਾਜ ਪਾਰਟੀ ਦੇ ਆਗੂ ਡਾ. ਧਰਮਪਾਲ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਮੇਂ ਦੀਆਂ ਸਰਕਾਰਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ ਤਾਂ ਜੋ ਕਿ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ। ਨੌਜਵਾਨ ਆਗੂ ਸੰਦੀਪ ਕੁਮਾਰ ਨੇ ਕਿਹਾ ਕਿ ਯੂ.ਪੀ ਵਿੱਚ ਵਾਪਰ ਰਹੀਆਂ ਘਟਨਾਵਾਂ ਜਾਤੀਵਾਦੀ ਸੋਚ ਦੇ ਨਾਲ-ਨਾਲ ਔਰਤ ਵਿਰੁੱਧ ਬੀਮਾਰ ਮਾਨਸਿਕਤਾ ਦਾ ਵੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੀ ਯੋਗੀ ਸਰਕਾਰ ਇਸ ਵਰਤਾਰੇ ਨੂੰ ਰੋਕਣ ਦੀ ਵਿਜਾਏ ਉਕਤ ਬਲਾਤਕਾਰੀਆਂ ਦੀ ਸਰਪ੍ਰਸਤੀ ਕਰ ਰਹੀ ਹੈ।  

ਐਸ.ਏ.ਐਸ. ਨਗਰ :ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਅਗਵਾਈ ਹੇਠ ਇਲਾਕੇ ਦੇ ਨੌਜਵਾਨਾਂ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ ਤੇ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਇਸ ਘਟਨਾ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਵਿਭਾਗੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਬੱਬੀ ਬਾਦਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਲਗਾਤਾਰ ਦਲਿਤਾਂ ਉੱਤੇ ਅੱਤਿਆਚਾਰ ਵੱਧ ਰਹੇ ਹਨ।  

ਬਨੂੜ : ਗੈਂਗਰੇਪ ਦੀ ਘਟਨਾ ਦੇ ਰੋਸ ਵਜੋਂ ਅੱਜ ‘ਆਪ’ ਵਰਕਰਾਂ ਨੇ ਮੋਮਬੱਤੀ ਮਾਰਚ ਕੱਢਿਆ ਅਤੇ ਬਸਪਾ ਵੱਲੋਂ ਰੋਸ ਰੈਲੀ ਕੱਢੀ। ਬਸਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਜਗਜੀਤ ਸਿੰਘ ਛੜਬੜ ਨੇ ਆਖਿਆ ਕਿ ਯੂਪੀ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਦੀ ਕੋਈ ਸੁਰੱਖਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਯੋਗੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸੈਂਕੜੇ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਅਜਿਹਾ ਹੁਕਮਰਾਨਾਂ ਦੀ ਸ਼ਹਿ ’ਤੇ ਹੋ ਰਿਹਾ ਹੈ।  

Leave a Reply

Your email address will not be published. Required fields are marked *