ਸੁਪਰੀਮ ਕੋਰਟ ਜਾਣ ’ਤੇ ਲੱਖੋਵਾਲ ਧੜੇ ਦੇ ਪੈਰ ਉੱਖੜੇ

ਸ਼ੇਰਪੁਰ : ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦੇ ਬੀਕੇਯੂ ਲੱਖੋਵਾਲ ਵੱਲੋਂ ਕਾਹਲੀ ’ਚ ਲਏ ਫੈਸਲੇ ਨੇ ਕਿਸਾਨੀ ’ਚ ਚੰਗਾ ਆਧਾਰ ਰੱਖਣ ਵਾਲੇ ਅਜਮੇਰ ਸਿੰਘ ਲੱਖੋਵਾਲ ਦੇ ਕਿਸਾਨ ਧੜੇ ਨੂੰ ਜਿੱਥੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਤੇ ਆਮ ਕਿਸਾਨਾਂ ਦੇ ਦਿਲੋਂ ਉਤਾਰ ਕੇ ਰੱਖ ਦਿੱਤਾ ਹੈ, ਉਥੇ ਪਾਰਟੀ ਅੰਦਰਲੀ ਬਗ਼ਾਬਤ ਦੇ ਵਿਸਫੋਟ ਨੇ ਜਥੇਬੰਦੀ ਦੇ ਪੈਰ ਉਖਾੜ ਕੇ ਰੱਖ ਦਿੱਤੇ ਹਨ। ਹਾਲ ਦੀ ਘੜੀ ਦੋਵੇਂ ਜ਼ਿਲ੍ਹਿਆਂ ਦੇ ਬਾਗੀ ਆਗੂਆਂ ਨੂੰ ਪਲੋਸ ਕੇ ਘਰ ਵਾਪਸੀ ਕਰਵਾਏ ਜਾਣ ਲਈ ਆਰੰਭੇ ਯਤਨਾਂ ਨੂੰ ਬੂਰ ਪੈਂਦਾ ਵਿਖਾਈ ਨਹੀਂ ਦੇ ਰਿਹਾ।

ਜ਼ਿਕਰਯੋਗ ਹੈ ਕਿ ਦੋਵੇਂ ਜ਼ਿਲ੍ਹੇ ਸੰਗਰੂਰ ਤੇ ਬਰਨਾਲਾ ਇਸ ਗੱਲੋਂ ਨਰਾਜ਼ ਸਨ ਕਿ ਜਥੇਬੰਦੀ ਦੀ ਸੂਬਾਈ ਟੀਮ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਣ ਲਈ ਨਾ ਤਾਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਭਰੋਸੇ ’ਚ ਲਿਆ ਤੇ ਨਾ ਹੀ ਜ਼ਿਲ੍ਹਾ ਕਮੇਟੀਆਂ ਤੋਂ ਇਸ ਬਾਰੇ ਕੋਈ ਰਾਇ ਮੰਗੀ। ਸੂਤਰਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਅੱਜ ਖੁਦ ਅਸਤੀਫ਼ਾ ਦੇਣ ਦੇ ਬਾਵਜੂਦ ਬਾਗ਼ੀ ਆਗੂਆਂ ਕੋਲੋਂ ਆਪਣੀਆਂ ਭੁੱਲਾਂ ਦੀ ਖ਼ਿਮਾ ਮੰਗਦਿਆਂ ਨਾਲ ਚੱਲਣ ਦੀਆਂ ਕੱਢੀਆਂ ਲੇਲ੍ਹੜੀਆਂ ਦੇ ਬਾਵਜੂਦ ਜ਼ਿਲ੍ਹਾ ਸੰਗਰੂਰ ਦੇ ਸਾਰੇ ਪ੍ਰਮੁੱਖ ਆਗੂਆਂ ਨੇ ਨਾਂਹ ’ਚ ਸਿਰ ਮਾਰ ਦਿੱਤਾ ਤੇ 10 ਦੀ ਲੁਧਿਆਣਾ ਮੀਟਿੰਗ ’ਚ ਸ਼ਾਮਲ ਹੋਣ ਤੋਂ ਜਵਾਬ ਦੇ ਦਿੱਤਾ। ਬੀਕੇਯੂ ਲੱਖੋਵਾਲ ਦੇ ਸਾਬਕਾ ਜ਼ਿਲ੍ਹਾ ਪ੍ਰੈਸ ਸਕੱਤਰ ਜਰਨੈਲ ਸਿੰਘ ਜਹਾਂਗੀਰ ਤੇ ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ ਘਨੌਰ ਨੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਵੱਲੋਂ ਆਗੂਆਂ ਨੂੰ ਮਨਾਏ ਜਾਣ ਲਈ ਮੋਬਾਈਲ ਫੋਨ ਰਾਹੀਂ ਕੀਤੇ ਸੰਪਰਕ ਦੀ ਪੁਸ਼ਟੀ ਕੀਤੀ। ਉਨ੍ਹਾਂ ਮੰਨਿਆਂ ਕਿ ਜ਼ਿਲ੍ਹੇ ਦੇ ਆਗੂਆਂ ਨੇ ਆਪਣੇ ਫੈਸਲੇ ਤੋਂ ਵਾਪਸ ਮੁੜਨ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਹਾਲ ਹੀ ਵਿਚ ਬਣਾਏ ਖੇਤੀ ਕਾਨੂੰਨਾਂ ਨੂੰ ਮਨਸੂਖ ਕੀਤਾ ਜਾਵੇ ਜਿਸ ਤੋਂ ਬਾਅਦ ਜਥੇਬੰਦੀ ਦੀਆਂ ਜ਼ਿਲ੍ਹਾ ਇਕਾਈਆਂ ਨੇ ਆਪਣੀ ਜਥੇਬੰਦੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ ਤੇ ਵਰਕਰ ਧੜਾਧੜ ਅਸਤੀਫੇ ਦੇ ਰਹੇ ਹਨ।

ਗਲਤੀ ਕਬੂਲਦਿਆਂ ਅਹੁਦੇ ਤੋਂ ਅਸਤੀਫ਼ਾ ਦਿੱਤਾ: ਲੱਖੋਵਾਲ

ਬੀਕੇਯੂ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਉਨ੍ਹਾਂ ਆਪਣੇ ਕੇਡਰ ਨੂੰ ਵਿਸ਼ਵਾਸ ’ਚ ਲਏ ਬਿਨਾਂ ਸੁਪਰੀਮ ਕੋਰਟ ਜਾਣ ਦੀ ਗਲਤੀ ਕਬੂਲ ਕਰਦਿਆਂ ਅੱਜ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਸੁਪਰੀਮ ਕੋਰਟ ’ਚ ਕੇਸ ਵਾਪਸ ਲੈਣ ਤੇ ਅਸਲ ਕਾਗਜ਼ ਪੱਤਰ ਅੱਜ ਹੀ ਦਿੱਲੀ ਤੋਂ ਵਾਪਸ ਲਿਆਉਣ ਦਾ ਖੁਲਾਸਾ ਵੀ ਕੀਤਾ।

Leave a Reply

Your email address will not be published. Required fields are marked *