ਕੈਪਟਨ ਵੱਲੋਂ ਮੋਦੀ ਸਰਕਾਰ ਨੂੰ ਸਿੱਧੀ ਚੁਣੌਤੀ

ਚੰਡੀਗੜ੍ਹ :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ ਵਿੱਚ ਕੇਂਦਰ ਸਰਕਾਰ ਨੂੰ ਤਿੱਖੇ ਤੇਵਰ ਵਿਖਾਉਂਦਿਆਂ ਸਾਫ਼ ਕਰ ਦਿੱਤਾ ਕਿ ਉਹ ਕਿਸਾਨਾਂ ਦੇ ਹਿਤਾਂ ਲਈ ਅਸਤੀਫ਼ਾ ਦੇੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਕੈਪਟਨ ਨੇ ਕਿਹਾ ਕਿ ਉਹ ਪਹਿਲਾਂ ਵੀ ਦੋ ਵਾਰ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੁਣ ਵੀ ਕਿਸਾਨਾਂ ਪ੍ਰਤੀ ਬੇਇਨਸਾਫ਼ੀ ਅੱਗੇ ਸਿਰ ਝੁਕਾਉਣ ਦੀ ਥਾਂ ਅਸਤੀਫ਼ਾ ਦੇਣ ਨੂੰ ਤਰਜੀਹ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਕਿਸਾਨਾਂ ਖਾਤਰ ਆਪਣੀ ਸਰਕਾਰ ਬਰਖ਼ਾਸਤ ਹੋਣ ਦੇਣ ਲਈ ਵੀ ਤਿਆਰ ਹਨ, ਪਰ ਕਿਸੇ ਦੇ ਢਿੱਡ ’ਤੇ ਲੱਤ ਨਹੀਂ ਵੱਜਣ ਦੇਣਗੇ। ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਚਾਰ ਬਿਲਾਂ ਨੂੰ ਪੇਸ਼ ਕੀਤੇ ਜਾਣ ਮੌਕੇ ਮੁੱਖ ਮੰਤਰੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਖ਼ਬਰਦਾਰ ਕੀਤਾ ਕਿ ਜੇਕਰ ਕਾਲੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕਿਸਾਨੀ ਤੇ ਜਵਾਨੀ ਦਾ ਰੋਹ ਅਫਰਾ-ਤਫਰੀ ਵੱਲ ਵੱਧ ਸਕਦਾ ਹੈ, ਜਿਸ ਨਾਲ ਸੂਬੇ ਦੀ ਅਮਨ ਸ਼ਾਂਤੀ ’ਚ ਵਿਘਨ ਪਏਗਾ। ਉਨ੍ਹਾਂ ਪਾਕਿਸਤਾਨ ਤੇ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਗੁਆਂਢੀ ਮੁਲਕ ਤਾਂ ਅਜਿਹੇ ਮੌਕਿਆਂ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ, ਜਿਸ ਨਾਲ ਅੱਗੇ ਕੌਮੀ ਸੁਰੱਖਿਆ ਲਈ ਵੀ ਖਤਰਾ ਖੜ੍ਹਾ ਹੋ ਸਕਦਾ ਹੈ।  ਅਮਰਿੰਦਰ ਨੇ ਰੋਸ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਕਿ ਰੇਲ ਰੋਕੋ ਅੰਦੋਲਨ ਅਤੇ ਰੋਕਾਂ ਹਟਾਉਣ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਦੀ ਆਗਿਆ ਦੇ ਕੇ ਸੂਬਾ ਸਰਕਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਬਿਜਲੀ ਉਤਪਾਦਨ ਸੰਕਟ ਵਿੱਚ ਘਿਰਿਆ ਹੋਇਆ ਹੈ, ਖਾਦ ਲਈ ਯੂਰੀਆ ਨਹੀਂ ਹੈ ਅਤੇ ਨਾ ਹੀ ਝੋਨੇ ਲਈ ਗੁਦਾਮਾਂ ਵਿੱਚ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਵਾਨਾਂ ਨੇ ਜੋਖ਼ਮ ਭਰੇ ਹਾਲਾਤਾਂ ਵਿਚ ਦੇਸ਼ ਦੀ ਸੁਰੱਖਿਆ ਕੀਤੀ ਅਤੇ ਕਿਸਾਨਾਂ ਨੇ ਅਨਾਜ ਸੰਕਟ ਦੇ ਸਮੇਂ ਵਿਚ ਮੁਲਕ ਦਾ ਢਿੱਡ ਭਰਿਆ। ਕੇਂਦਰ ਨੇ ਕਿਸਾਨਾਂ ਦੀ ਮਿਹਨਤ ਨੂੰ ਭੁੱਲ ਕੇ ਕਾਲੇ ਖੇਤੀ ਕਾਨੂੰਨ ਲਿਆਂਦੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੀਐੱਸਟੀ ਦੇ ਬਕਾਇਆ ਅਜੇ ਤਕ ਨਹੀਂ ਮਿਲੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਜਿਸ ਸਥਿਤੀ ਦਾ ਅੱਜ ਸਾਹਮਣਾ ਕਰ ਰਿਹਾ ਹੈ, ਇਸ ਦੇ ਬੀਜ ਤਾਂ ਸ਼ਾਂਤਾ ਕੁਮਾਰ ਕਮੇਟੀ ਵੱਲੋਂ ਸਾਲ 2015 ਵਿੱਚ ਹੀ ਬੀਜ ਦਿੱਤੇ ਗਏ ਸਨ। 

ਸਦਨ ’ਚ ਸੰਸਦ ਮੈਂਬਰ ਵੀ ਰਹੇ ਮੌਜੂਦ

ਵਿਸ਼ੇਸ਼ ਸਦਨ ਦੇ ਦੂਜੇ ਦਿਨ ਦੀ ਕਾਰਵਾਈ ਦੇਖਣ ਲਈ ਉਚੇਚੇ ਤੌਰ ’ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਐਮ.ਪੀ ਡਾ. ਅਮਰ ਸਿੰਘ, ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਗੁਰਜੀਤ ਸਿੰਘ ਔਜਲਾ ਆਦਿ ਪੁੱਜੇ ਹੋਏ ਸਨ। ਐੱਮਪੀ ਗੁਰਜੀਤ ਸਿੰਘ ਔਜਲਾ ਨੇ ਮਗਰੋਂ ਕਿਹਾ ਕਿ ਜੇਕਰ ਲੋੜ ਪੈਣ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣਾ ਅਸਤੀਫ਼ਾ ਦਿੰਦੇ ਹਨ ਤਾਂ ਸਭ ਸੰਸਦ ਮੈਂਬਰ ਵੀ ਆਪਣਾ ਅਸਤੀਫ਼ਾ ਪੇਸ਼ ਕਰਨਗੇ। 

ਸਰਕਾਰ ਨੇ ਨੌਟੰਕੀ ਕੀਤੀ: ਚੁੱਘ

ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ ਵੱਲੋਂ ਖੇਤੀ ਬਿੱਲ ਪਾਸ ਕਰਨ ’ਤੇ ਕਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ ’ਤੇ ਨੌਟੰਕੀ ਕਰ ਰਹੀ ਹੈ ਜਦੋਂ ਕਿ ਕੈਪਟਨ ਸਰਕਾਰ ਨੇ ਹਾਲੇ ਤੱਕ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਤੋਂ ਇਕੱਠਾ ਕੀਤਾ ਜਾਂਦਾ 3500 ਕਰੋੜ ਦਾ ਕਰਜ਼ਾ ਮੁਆਫ਼ ਕਰੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਵਕਤ ਖਤਮ ਹੋ ਗਿਆ ਹੈ ਜਿਸ ਕਰਕੇ ਉਹ ਇਸ ਤਰ੍ਹਾਂ ਦੇ ਡਰਾਮੇ ਕਰਨ ਦੇ ਰਾਹ ਪਈ ਹੈ। 

ਅਮਰਿੰਦਰ ਖੇਤਰੀ ਪਾਰਟੀ ਬਣਾਉਣ: ਖਹਿਰਾ

ਪੰਜਾਬ ਏਕਤਾ ਪਾਰਟੀ ਦੇ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਸ਼ਵਰਾ ਦਿੱਤਾ ਕਿ ਉਹ ਅਸਤੀਫ਼ਾ ਦੇ ਕੇ ਨਵੀਂ ਖੇਤਰੀ ਪਾਰਟੀ ਬਣਾਉਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਭ ਸਿਧਾਂਤਾਂ ਅਤੇ ਅਸੂਲਾਂ ਨੂੰ ਛੱਡੇ ਜਾਣ ਮਗਰੋਂ ਪੰਜਾਬ ਵਿਚ ਖ਼ਲਾਅ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਬੇਇਨਸਾਫ਼ੀ ਕੀਤੀ ਹੈ ਜਿਸ ਕਰਕੇ ਖੇਤਰੀ ਪਾਰਟੀ ਦੀ ਲੋੜ ਹੈ। 

Leave a Reply

Your email address will not be published. Required fields are marked *