ਕਿਸਾਨਾਂ ਵੱਲੋਂ ਮਾਲ ਗੱਡੀਆਂ ਨੂੰ ਹਰੀ ਝੰਡੀ

ਚੰਡੀਗੜ੍ਹ : ਕਿਸਾਨ ਧਿਰਾਂ ਨੇ ਖਾਦ ਅਤੇ ਕੋਲਾ ਸਪਲਾਈ ਵਿੱਚ ਆਈ ਖੜੋਤ ਦੇ ਮੱਦੇਨਜ਼ਰ ਕਿਸਾਨ ਅੰਦੋਲਨ ਦੌਰਾਨ ਮਾਲ ਗੱਡੀਆਂ ਲਈ ਭਲਕ ਤੋਂ ਅਗਲੇ ਪੰਦਰਾਂ ਦਿਨਾਂ ਵਾਸਤੇ ਰੇਲ ਮਾਰਗ ਖੋਲ੍ਹ ਦਿੱਤੇ ਹਨ। ਇਸ ਫੈਸਲੇ ਨਾਲ ਪੰਜਾਬ ਸਰਕਾਰ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਮੁੱਖ ਮੰਤਰੀ ਦੀ ਅਪੀਲ ’ਤੇ ਅੱਜ 30 ਕਿਸਾਨ ਧਿਰਾਂ ਨੇ ਇੱਥੇ ਕਿਸਾਨ ਭਵਨ ਵਿੱਚ ਸਾਂਝੀ ਮੀਟਿੰਗ ਕੀਤੀ ਜਿਸ ’ਚ ਲੰਮੀ ਵਿਚਾਰ ਚਰਚਾ ਮਗਰੋਂ 22 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਪੰਜਾਬ ’ਚ ਮਾਲ ਗੱਡੀਆਂ ਨੂੰ ਸਪਲਾਈ ਵਾਸਤੇ ਛੋਟ ਦੇਣ ਦਾ ਫੈਸਲਾ ਲਿਆ ਗਿਆ। ਚੇਤੇ ਰਹੇ ਕਿ ਪੰਜਾਬ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 24 ਸਤੰਬਰ ਤੋਂ ਰੇਲ ਮਾਰਗ ਜਾਮ ਕੀਤੇ ਹੋਏ ਹਨ ਜਦੋਂ ਕਿ ਬਾਕੀ ਕਿਸਾਨ ਧਿਰਾਂ ਦੇ ਸੱਦੇ ’ਤੇ ਕਿਸਾਨ ਪਹਿਲੀ ਅਕਤੂਬਰ ਤੋਂ ਰੇਲ ਮਾਰਗਾਂ ’ਤੇ ਬੈਠੇ ਹੋਏ ਹਨ। ਬੀਕੇਯੂ (ਉਗਰਾਹਾਂ) ਨੇ ਬਾਕੀ ਧਿਰਾਂ ਤੋਂ ਹਟ ਕੇ ਪਹਿਲਾਂ ਹੀ ਰੇਲ ਮਾਰਗ ਖ਼ਾਲੀ ਕਰ ਦਿੱਤੇ ਹਨ। ਪੰਜਾਬ ਵਿਚ ਥਰਮਲਾਂ ਦੇ ਕੋਲਾ ਭੰਡਾਰ ਮੁੱਕ ਚੱਲੇ ਸਨ ਅਤੇ ਚਾਰ ਦਿਨਾਂ ਮਗਰੋਂ ਪੰਜਾਬ ਵਿੱਚ ਕਣਕ ਦੀ ਬਿਜਾਂਦ ਸ਼ੁਰੂ ਹੋਣ ਵਾਲੀ ਹੈ ਜਿਸ ਵਾਸਤੇ ਡੀਏਪੀ ਖਾਦ ਦੀ ਕਿੱਲਤ ਬਣੀ ਹੋਈ ਸੀ। ਕੋਲੇ ਅਤੇ ਖਾਦ ਦੇ ਸੈਂਕੜੇ ਰੇਲਵੇ ਰੈਕ ਦੂਸਰੇ ਸੂਬਿਆਂ ਵਿੱਚ ਫਸੇ ਹੋਏ ਹਨ। ਕਿਸਾਨ ਭਵਨ ਵਿੱਚ ਹੋਈ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਸਤਨਾਮ ਸਿੰਘ ਸਾਹਨੀ ਨੇ ਕੀਤੀ। ਮੀਟਿੰਗ ਮਗਰੋਂ ਉਨ੍ਹਾਂ ਕੋਆਰਡੀਨੇਟਰ ਡਾ. ਦਰਸ਼ਨ ਪਾਲ, ਬਲਵੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸਿੰਘ ਸੰਧੂ ਨਾਲ ਮਿਲ ਕੇ ਮੀਡੀਆ ਨੂੰ ਮੀਟਿੰਗ ਦੇ ਫੈਸਲਿਆਂ ਤੋਂ ਜਾਣੂ ਕਰਾਇਆ। ਕਿਸਾਨ ਆਗੂਆਂ ਨੇ ਦੱਸਿਆ ਕਿ ਸਮਾਜ ਦੇ ਸਭ ਵਰਗਾਂ ਦੀ ਮੰਗ ਨੂੰ ਦੇਖਦੇ ਹੋਏ ਖਾਦ ਤੇ ਕੋਲਾ ਸਪਲਾਈ ਲਈ 5 ਨਵੰਬਰ ਤੱਕ ਮਾਲ ਗੱਡੀਆਂ ਵਾਸਤੇ ਰੇਲ ਮਾਰਗ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂਆਂ ਅਤੇ ਟੌਲ ਪਲਾਜ਼ਿਆਂ, ਰਿਲਾਇੰਸ ਤੇਲ ਪੰਪਾਂ ਤੋਂ ਇਲਾਵਾ ਵੱਖ ਵੱਖ ਸ਼ਾਪਿੰਗ ਮਾਲਜ਼ ਅੱਗੇ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਰੇਲ ਮਾਰਗਾਂ ’ਤੇ ਬੈਠੇ ਕਿਸਾਨ, ਮਾਲ ਗੱਡੀਆਂ ਨੂੰ ਲਾਂਘਾ ਦੇਣ ਲਈ ਹੁਣ ਰੇਲਵੇ ਸਟੇਸ਼ਨ ’ਤੇ ਬੈਠਣਗੇ ਤਾਂ ਜੋ ਦੂਸਰੀ ਤਰਫ਼ ਮੁਸਾਫ਼ਰ ਗੱਡੀਆਂ ਦਾ ਚੱਕਾ ਜਾਮ ਰੱਖਿਆ ਜਾ ਸਕੇ। ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਗੈਰਹਾਜ਼ਰ ਰਹੇ ਦੋ ਭਾਜਪਾ ਵਿਧਾਇਕਾਂ ਕਰਕੇ ਕਿਸਾਨਾਂ ’ਚ ਰੋਸ ਹੋਰ ਵਧਿਆ ਹੈ ਜਿਸ ਕਰਕੇ ਆਉਂਦੇ ਦਿਨਾਂ ਵਿਚ ਭਾਜਪਾ ਆਗੂਆਂ ਦੀ ਘੇਰਾਬੰਦੀ ਸਖ਼ਤ ਕੀਤੀ ਜਾਵੇਗੀ।

ਆਗੂਆਂ ਨੇ ਦੱਸਿਆ ਕਿ ਕੌਮੀ ਪੱਧਰ ’ਤੇ ਦਿੱਤੇ ਸੱਦੇ ਮੁਤਾਬਕ 5 ਨਵੰਬਰ ਨੂੰ ਛੇ ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਦਬਾਅ ਕਰਕੇ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦਿੱਤਾ ਅਤੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਿਆ ਅਤੇ ਹੁਣ ਅੰਦੋਲਨ ਦੇ ਦਬਾਅ ਕਰਕੇ ਹੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਖੇਤੀ ਸੋਧ ਬਿੱਲ ਪਾਸ ਕੀਤੇ ਤੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਮਤਾ ਪਾਸ ਕਰਕੇ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦੀ ਸਿੱਧੀ ਟੱਕਰ ਕੇਂਦਰ ਸਰਕਾਰ ਨਾਲ ਹੋਵੇਗੀ। ਕਿਸਾਨ ਆਗੂਆਂ ਨੇ ਖੇਤੀ ਸੋਧ ਬਿੱਲਾਂ ’ਤੇ ਕੁਝ ਤਸੱਲੀ ਜ਼ਾਹਿਰ ਕੀਤੀ।

ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੀ ਅਗਲੀ ਸਮੀਖਿਆ ਲਈ 4 ਨਵੰਬਰ ਨੂੰ ਕਿਸਾਨ ਭਵਨ ਵਿਚ ਕਿਸਾਨ ਧਿਰਾਂ ਦੀ ਸਾਂਝੀ ਮੀਟਿੰਗ ਹੋਵੇਗੀ। ਆਗੂਆਂ ਨੇ ਇਹ ਵੀ ਦੱਸਿਆ ਕਿ 27 ਅਕਤੂਬਰ ਨੂੰ ਦਿੱਲੀ ਵਿਚ ਕੌਮੀ ਪੱਧਰ ’ਤੇ ਕਿਸਾਨ ਧਿਰਾਂ ਦੀ ਹੋ ਰਹੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਪੰਜਾਬ ਕਿਸਾਨ ਅੰਦੋਲਨ ਵਿਚ ਦੇਸ਼ ਲਈ ਰਾਹ ਦਸੇਰਾ ਬਣਿਆ ਹੈ। ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਮਾਰਗ ’ਤੇ ਚੱਲ ਰਹੇ ਅੰਦੋਲਨ ਬਾਰੇ ਭਲਕੇ ਫੈਸਲਾ ਲਿਆ ਜਾਣਾ ਹੈ। ਕਿਸਾਨ ਧਿਰਾਂ ਦੀ ਮੀਟਿੰਗ ਮਗਰੋਂ ਹੀ ਪੰਜਾਬ ਦੀ ਤਿੰਨ ਮੈਂਬਰੀ ਕੈਬਨਿਟ ਕਮੇਟੀ ਦੇ ਵਜ਼ੀਰਾਂ ਨੇ ਆਗੂਆਂ ਨਾਲ ਮੀਟਿੰਗ ਕਰਕੇ ਫੈਸਲਾ ਜਾਣਿਆ। ਕਮੇਟੀ ਨੇ ਰੇਲ ਮਾਰਗ ਖੋਲ੍ਹੇ ਜਾਣ ’ਤੇ ਤਸੱਲੀ ਜ਼ਾਹਰ ਕੀਤੀ। ਕਿਸਾਨ ਆਗੂਆਂ ਨੇ ਕਮੇਟੀ ਤੋਂ ਮੰਗ ਕੀਤੀ ਕਿ ਦੂਸਰੇ ਸੂਬਿਆਂ ਤੋਂ ਆ ਰਹੇ ਝੋਨੇ ਨੂੰ ਰੋਕਣ ਲਈ ਪੰਜਾਬ ਦੇ ਬਾਰਡਰ ਸੀਲ ਕੀਤੇ ਜਾਣ। ਵਜ਼ੀਰਾਂ ਨੇ ਮੰਗ ਮੰਨਣ ਦਾ ਭਰੋਸਾ ਦਿੱਤਾ।

ਉਗਰਾਹਾਂ ਧੜੇ ਵੱਲੋਂ ਘੋਲ ਨੂੰ ਅੱਗੇ ਵਧਾਉਣ ਦਾ ਸੱਦਾ

ਮਾਨਸਾ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਸੂਬੇ ਦੇ ਕਿਸਾਨਾਂ ਨੂੰ ਹੋਕਾ ਦਿੱਤਾ ਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦੇ ਬਾਵਜੂਦ ਘੋਲ ਨੂੰ ਤੇਜ਼ ਕੀਤਾ ਜਾਵੇਗਾ। ਜਥੇਬੰਦੀ ਦਾ ਕਹਿਣਾ ਹੈ ਕਿ ਸ਼ਹਿਰੀ ਕੇਂਦਰਾਂ ਦੇ ਮਿਹਨਤਕਸ਼ ਲੋਕਾਂ, ਵਪਾਰੀਆਂ ਅਤੇ ਖੇਤੀ ਕਾਰੋਬਾਰੀਆਂ ਦੀ ਕਾਰਪੋਰੇਟਾਂ ਹੱਥੋਂ ਵੱਧ ਰਹੀ ਲੁੱਟ ਤੋਂ ਪੀੜਤ ਦੁਕਾਨਦਾਰਾਂ ਤੇ ਵਪਾਰੀ ਵਰਗ ਨੂੰ ਘੋਲ ਦੀ ਹਮਾਇਤ ’ਚ ਜਟਾਉਣ ਲਈ ਭਰਪੂਰ ਹੰਭਲਾ ਮਾਰਿਆ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਕੁਝ ਵੀ ਰਾਇ ਬਣ ਜਾਵੇ, ਕੇਂਦਰ ਸਰਕਾਰ ਖ਼ਿਲਾਫ਼ ਘੋਲ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਘੋਖ ਕਰਕੇ ਨਿਚੋੜ ਕੱਢਣ ਅਤੇ ਸੰਘਰਸ਼ਸ਼ੀਲ ਕਿਸਾਨ ਸਮੂਹਾਂ ਦੀ ਜਮਹੂਰੀ ਰਾਇ ਹਾਸਲ ਕਰਨ ਦਾ ਅਮਲ ਕੁਝ ਸਮਾਂ ਲਵੇਗਾ। ਉਨ੍ਹਾਂ ਕਿਹਾ ਕਿ ਮੁਲਕ ਭਰ ’ਚ ਫੈਲ ਰਹੇ ਇਸ ਘੋਲ ਨੂੰ ਅੱਗੇ ਵਧਾਉਣ ਲਈ ਹੰਭਲਾ ਮਾਰਿਆ ਜਾਵੇਗਾ। ਆਗੂਆਂ ਨੇ ਕਿਹਾ ਕਿ 25 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਅਤੇ ਭਾਜਪਾ ਦੀ ਤਿੱਕੜੀ ਖਿਲਾਫ ਪੰਜਾਬ ਦੇ ਲੋਕਾਂ ਦੀ ਵਿਸ਼ਾਲ ਏਕਤਾ ਅਤੇ ਨਫ਼ਰਤ ਦੇ ਪ੍ਰਗਟਾਵੇ ਦਾ ਦਿਨ ਸਾਬਤ ਹੋਵੇਗਾ ਅਤੇ ਬਦੀ ਦੀ ਮੂਰਤ ਬਣਦੀ ਇਸ ਤਿੱਕੜੀ ਦੇ ਦਿਓਕੱਦ ਹੰਕਾਰੀ ਬੁੱਤਾਂ ਨੂੰ ਵਿਸ਼ਾਲ ਕਿਸਾਨ ਸਮੂਹ, ਪੇਂਡੂ ਅਤੇ ਸ਼ਹਿਰੀ ਵਰਗ ਅਤੇ ਟਰੇਡ ਯੂਨੀਅਨ ਦੇ ਕਾਰਕੁਨਾਂ ਵੱਲੋਂ ਲਾਂਬੂ ਲਾਇਆ ਜਾਵੇਗਾ।

ਰਿਲਾਇੰਸ ਪੰਪ ਡੀਲਰਾਂ ਨੇ ਪਾਇਆ ਖਰੂਦ

ਕਿਸਾਨ ਜਥੇਬੰਦੀਆਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਰਿਲਾਇੰਸ ਪੰਪ ਡੀਲਰਾਂ ਨੇ ਅੱਜ ਅਚਨਚੇਤੀ ਪਹੁੰਚ ਕੇ ਖਰੂਦ ਪਾ ਦਿੱਤਾ। ਡੀਲਰ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੁੱਜੇ ਜਿਸ ਨਾਲ ਮੀਟਿੰਗ ਵਿਚ ਵਿਘਨ ਪਿਆ ਰਿਹਾ। ਇਨ੍ਹਾਂ ਡੀਲਰਾਂ ਨੇ ਕਿਸਾਨ ਧਿਰਾਂ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਰਿਲਾਇੰਸ ਪੰਪਾਂ ਤੋਂ ਘੇਰਾਬੰਦੀ ਹਟਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕਿਸਾਨੀ ਸੰਘਰਸ਼ ਨਾਲ ਕੰਪਨੀ ਨੂੰ ਨਹੀਂ ਬਲਕਿ ਡੀਲਰਾਂ ਨੂੰ ਸੱਟ ਵੱਜ ਰਹੀ ਹੈ। ਡੀਲਰਾਂ ਵੱਲੋਂ ਪਾਏ ਰੌਲੇ ਕਰਕੇ ਕਿਸਾਨ ਆਗੂ ਖ਼ਫ਼ਾ ਹੋ ਗਏ। ਮਗਰੋਂ ਡੀਲਰਾਂ ਦੇ ਆਗੂ ਨੇ ਗ਼ਲਤੀ ਦਾ ਅਹਿਸਾਸ ਕਰ ਲਿਆ। ਕਿਸਾਨ ਧਿਰਾਂ ਵੱਲੋਂ ਹੁਣ ਇਨ੍ਹਾਂ ਡੀਲਰਾਂ ਦਾ ਮਾਮਲਾ 4 ਨਵੰਬਰ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ।

Leave a Reply

Your email address will not be published. Required fields are marked *