ਮੁਲਤਾਨੀ ਕੇਸ: ਥਾਣੇ ’ਚ ਸੈਣੀ ਤੋਂ ਢਾਈ ਘੰਟੇ ਪੁੱਛ-ਪੜਤਾਲ

ਮੋਹਾਲੀ : ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਸੋਮਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਆਪਣੇ ਵਕੀਲ ਨਾਲ ਮਟੌਰ ਥਾਣੇ ਵਿੱਚ ਪਹੁੰਚੇ। ਪਿਛਲੇ ਦਿਨੀਂ ਮਟੌਰ ਥਾਣੇ ਦੇ ਐੱਸਐੱਚਓ ਨੇ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਆਪਣੀ ਇਨੋਵਾ ਗੱਡੀ ਥਾਣੇ ਦੇ ਬਾਹਰ ਖੜ੍ਹੀ ਕੀਤੀ ਅਤੇ ਪੈਦਲ ਚੱਲ ਕੇ ਅੰਦਰ ਗਏ। ਊਹ ਸਿੱਧਾ ਥਾਣਾ ਮੁਖੀ ਦੇ ਦਫ਼ਤਰ ਵਿੱਚ ਜਾ ਕੇ ਕੁਰਸੀ ’ਤੇ ਬੈਠ ਗਏ। ਥਾਣੇ ਦੇ ਗੇਟ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ’ਤੇ ਸੈਣੀ ਰੋਹਬ ਝਾੜਦੇ ਵੀ ਨਜ਼ਰ ਆਏ। ਉਸ ਦੇ ਵਕੀਲ ਨੂੰ ਥਾਣਾ ਮੁਖੀ ਦੇ ਦਫ਼ਤਰ ਵਿੱਚ ਨਹੀਂ ਜਾਣ ਦਿੱਤਾ ਗਿਆ।

ਮੁਹਾਲੀ ਦੇ ਐੱਸਪੀ (ਡੀ) ਅਤੇ ਸਿੱਟ ਮੁਖੀ ਹਰਮਨਦੀਪ ਸਿੰਘ ਹਾਂਸ, ਡੀਐੱਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਲਗਾਤਾਰ ਢਾਈ ਘੰਟੇ ਤੱਕ ਪੁੱਛ-ਗਿੱਛ ਕੀਤੀ। ਸੂਤਰਾਂ ਅਨੁਸਾਰ ਥਾਣੇ ਵਿੱਚ ਸੈਣੀ ਕੋਲੋਂ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਲਿਜਾਣ ਅਤੇ ਬਾਅਦ ਵਿੱਚ ਉਸ ਨੂੰ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਸਮੇਤ ਹੋਰ ਵੱਖ-ਵੱਖ ਪਹਿਲੂਆਂ ਨਾਲ ਸਬੰਧਤ ਲਗਭਗ 100 ਸਵਾਲ ਪੁੱਛੇ ਗਏ। ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਦੋਂ ਉਨ੍ਹਾਂ (ਸੈਣੀ) ’ਤੇ ਬੰਬ ਧਮਾਕਾ ਹੋਇਆ ਸੀ ਤਾਂ ਕੀ ਉਸ ਵਿੱਚ ਮੁਲਤਾਨੀ ਦਾ ਹੱਥ ਸੀ? ਮੁਲਤਾਨੀ ਦੇ ਪੁਲੀਸ ਹਿਰਾਸਤ ’ਚੋਂ ਫਰਾਰ ਹੋਣ ਅਤੇ ਉਸ ਨੂੰ ਲੱਭਣ ਬਾਰੇ ਕੀਤੇ ਗਏ ਯਤਨਾਂ ਆਦਿ ਸਬੰਧੀ ਸਵਾਲ ਵੀ ਪੁੱਛੇ ਗਏ। ਸੂਤਰਾਂ ਮੁਤਾਬਕ ਸੈਣੀ ਨੇ ਪੁਲੀਸ ਦੇ ਕਿਸੇ ਵੀ ਸਵਾਲ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੱਤਾ। ਸਿੱਟ ਦੇ ਇਕ ਮੈਂਬਰ ਨੇ ਦੱਸਿਆ ਕਿ ਸਾਬਕਾ ਡੀਜੀਪੀ ਨੇ ਕਿਸੇ ਸਵਾਲ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਹੈ ਬਲਕਿ ਊਹ ਗੋਲ-ਮੋਲ ਜਵਾਬ ਦਿੰਦੇ ਰਹੇ।

ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਣ ਸਮੇਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ। ਮੁਹਾਲੀ ਪੁਲੀਸ ਵੱਲੋਂ ਉਸ ਨੂੰ ਚਾਰ ਵਾਰ ਨੋਟਿਸ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ ਹੈ ਪ੍ਰੰਤੂ ਹੁਣ ਤੱਕ ਉਹ ਸਿਰਫ਼ ਦੋ ਵਾਰ ਹੀ ਥਾਣੇ ਪਹੁੰਚੇ ਹਨ।

Leave a Reply

Your email address will not be published. Required fields are marked *