ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲਿਆ

ਫਿਲੌਰ : ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਮਾਓ ਸਾਹਿਬ ਦੇ ਕਿਸਾਨ ਤਰਲੋਚਨ ਸਿੰਘ ਨੇ ਲੰਘੀ ਰਾਤ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪਿੰਡ ਦੇ ਪੰਚ ਵਿੱਕੀ ਨੇ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਉਸ ਦੀ ਬਹੁਤੀ ਫ਼ਸਲ ਤਬਾਹ ਹੋ ਗਈ ਸੀ ਅਤੇ ਮੁਆਵਜ਼ਾ ਵੀ ਨਹੀਂ ਮਿਲਿਆ ਸੀ। ਇਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਵਾਰ ਵੀ ਉਸ ਨੂੰ ਝੋਨਾ ਵੱਢਣ ਦਾ ਕੋਈ ਚਾਅ ਨਹੀਂ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਝੋਨੇ ਦਾ ਸਾਰਾ ਪੈਸਾ ਵਿਆਜ ਦੇ ਰੂਪ ਵਿੱਚ ਚਲਾ ਜਾਵੇਗਾ। ਮ੍ਰਿਤਕ ਦੇ ਭਤੀਜੇ ਨੇ ਦੱਸਿਆ ਕਿ ਤਰਲੋਚਨ ਸਿਰ ਬੈਂਕ ਦੇ ਕਰਜ਼ੇ ਤੋਂ ਇਲਾਵਾ ਹੋਰ 35-40 ਲੱਖ ਦਾ ਕਰਜ਼ਾ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ ਹੈ। ਬਿਲਗਾ ਦੇ ਥਾਣਾ ਮੁਖੀ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।