ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਸ੍ਰੀਨਗਰ : ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਅੱਜ ਮਿਲਾਦ-ਊਨ-ਨਬੀ ਮੌਕੇ ਊਨ੍ਹਾਂ ਦੀ ਰਿਹਾਇਸ਼ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ।
ਸ੍ਰੀ ਅਬਦੁੱਲਾ ਨੇ ਹਜ਼ਰਤਬਲ ਦਰਗਾਹ ’ਤੇ ਨਮਾਜ਼ ਅਦਾ ਕਰਨ ਲਈ ਜਾਣਾ ਸੀ ਪਰ ਊਨ੍ਹਾਂ ਦੇ ਘਰ ਬਾਹਰ ਅਧਿਕਾਰੀਆਂ ਨੇ ਟਰੱਕ ਖੜ੍ਹਾ ਕਰਕੇ ਰਾਹ ਰੋਕ ਦਿੱਤਾ। ਨੈਸ਼ਨਲ ਕਾਨਫਰੰਸ ਨੇ ਦਾਅਵਾ ਕੀਤਾ ਹੈ ਕਿ ਫਾਰੂਕ ਅਬਦੁੱਲਾ ਨੇ ਦਰਗਾਹ ਜਾਣ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਪਰ ਊਨ੍ਹਾਂ ਨੂੰ ਬਾਹਰ ਨਹੀਂ ਆਊਣ ਦਿੱਤਾ ਗਿਆ। ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੇ ਪ੍ਰਸ਼ਾਸਨ ਦੇ ਕਦਮ ਦੀ ਨਿਖੇਧੀ ਕਰਦਿਆਂ ਇਸ ਨੂੰ ਹੱਕਾਂ ਦਾ ‘ਘਾਣ’ ਕਰਾਰ ਦਿੱਤਾ ਹੈ।
ਨੈਸ਼ਨਲ ਕਾਨਫਰੰਸ ਨੇ ਇਹ ਸਾਰੀ ਜਾਣਕਾਰੀ ਟਵਿੱਟਰ ’ਤੇ ਸਾਂਝੀ ਕੀਤੀ ਹੈ ਪਰ ਜੰਮੂ ਕਸ਼ਮੀਰ ਪ੍ਰਸ਼ਾਸਨ ਤੋਂ ਕੋਈ ਪ੍ਰਤੀਕਰਮ ਨਹੀਂ ਮਿਲ ਸਕਿਆ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਅੰਦਰ ਪੈਦਾ ਹੋਏ ‘ਡੂੰਘੇ ਵਹਿਮ’ ਦਾ ਪਰਦਾਫਾਸ਼ ਹੋ ਗਿਆ ਹੈ।
ਊਨ੍ਹਾਂ ਟਵੀਟ ਕਰਕੇ ਕਿਹਾ ਕਿ ਸਰਕਾਰ ਦਾ ਜੰਮੂ ਕਸ਼ਮੀਰ ਪ੍ਰਤੀ ਸਖ਼ਤ ਰਵੱਈਆ ਊਜਾਗਰ ਹੋ ਗਿਆ ਹੈ। ਨਵੇਂ ਬਣੇ ਗੱਠਜੋੜ ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲਾਰੇਸ਼ਨ ਨੇ ਇਸ ਕਦਮ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦੇ ਬੁਨਿਆਦੀ ਹੱਕਾਂ ’ਚ ਨਵਾਂ ਨਿਘਾਰ ਕਰਾਰ ਦਿੱਤਾ ਹੈ। ਗੱਠਜੋੜ ਦੇ ਤਰਜਮਾਨ ਸੱਜਾਦ ਲੋਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਤੁਰੰਤ ਊਥੋਂ ਅੜਿੱਕੇ ਹਟਾਊਣੇ ਚਾਹੀਦੇ ਹਨ। –