ਬਿਜਲੀ ਦੀ ਘਾਟ ਕਾਰਨ ‘ਪਾਵਰ ਕੱਟ’ ਵਧੇ

ਪਟਿਆਲਾ : ਸੂਬੇ ਵਿੱਚ ਬਿਜਲੀ ਦੀ ਘਾਟ ਕਾਰਨ ‘ਪਾਵਰ ਕੱਟਾਂ’ ਦਾ ਸਿਲਸਿਲਾ ਜਾਰੀ ਹੈ। ਸਮਝਿਆ ਜਾ ਰਿਹਾ ਹੈ ਕਿ ਜੇਕਰ ਪੰਜਾਬ ਦੇ ਥਰਮਲਾਂ ਲਈ ਕੋਲੇ ਦੀ ਤੋਟ ਬਰਕਰਾਰ ਰਹੀ ਤਾਂ ਬਿਜਲੀ ਕੱਟਾਂ ਤੋਂ ਫਿਲਹਾਲ ਨਿਜ਼ਾਤ ਮਿਲਣੀ ਔਖੀ ਹੈ।
ਬਿਜਲੀ ਕੱਟ ਜਿਹੜੇ ਪਹਿਲਾਂ 24 ਘੰਟੇ ਪੇਂਡੂ ਸਪਲਾਈ ਤੱਕ ਸੀਮਤ ਸਨ, ਹੁਣ ਖੇਤੀ ਸੈਕਟਰ ਤੋਂ ਇਲਾਵਾ ਸ਼ਹਿਰੀ ਫੀਡਰਾਂ ’ਤੇ ਵੀ ਲੱਗਣ ਲੱਗੇ ਹਨ। ਰੋਜ਼ ਵਾਂਗ ਇਹ ਬਿਜਲੀ ਕੱਟ ਪੰਜ ਤੋਂ ਛੇ ਘੰਟਿਆਂ ਦੇ ਲੱਗ ਰਹੇ ਹਨ। ਬੀਤੇ ਦਿਨ ਸਮਾਣਾ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਸਾਢੇ ਪੰਜ ਘੰਟੇ ਦੀ ਕਰੀਬ ਬਿਜਲੀ ਕੱਟ ਲੱਗਿਆ, ਜਦੋਂ ਕਿ ਅੱਜ ਵੀ ਸੂਬੇ ਦੇ ਕਈ ਸ਼ਹਿਰਾਂ ਵਿੱਚੋਂ ਬਿਜਲੀ ਕੱਟਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ। ਇਨੀਂ ਦਿਨੀਂ ਖੇਤੀ ਸਪਲਾਈ ਜਿਹੜੀ 10 ਘੰਟੇ ਔਸਤਨ ਰਹਿਣੀ ਚਾਹੀਦੀ ਹੈ, ਉਹ ਮੁਸ਼ਕਲ ਨਾਲ ਪੰਜ ਛੇ ਘੰਟੇ ਹੀ ਰਹਿ ਰਹੀ ਹੈ। ਪੇਂਡੂ ਖੇਤਰਾਂ ਵਿੱਚ ਤਾਂ ਹੁਣ ਬੇਹਿਸਾਬੇ ਬਿਜਲੀ ਕੱਟ ਲੱਗ ਰਹੇ ਹਨ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਵੇਰਵਿਆਂ ਮੁਤਾਬਿਕ ਥਰਮਲਾਂ ਵਿੱਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਆਏ ਵਧ ਰਿਹਾ ਹੈ।
ਭਾਵੇਂ ਫਿਲਹਾਲ ਪਾਵਰਕੌਮ ਵੱਲੋਂ ਪਰਚੇਜ ਐਕਸਚੇਂਜ ਤੇ ਪਰਚੇਜ਼ ਟੈਂਡਰਿੰਗ ਖੇਤਰਾਂ ਵਿੱਚੋਂ 300 ਲੱਖ ਯੂਨਿਟ ਤੋਂ ਵੱਧ ਪ੍ਰਤੀ ਦਿਨ ਬਿਜਲੀ ਖਰੀਦ ਕੇ ਡੰਗ ਵੀ ਟਪਾਇਆ ਜਾ ਰਿਹਾ ਹੈ ਪਰ ਪੰਜਾਬ ਦਾ ਖ਼ਜ਼ਾਨਾ ਖਾਲੀ ਹੋਣ ਕਾਰਨ ਸਮਝਿਆ ਜਾ ਰਿਹਾ ਹੈ ਕਿ ਜੇਕਰ ਸੂਬੇ ਵਿਚਲੇ ਥਰਮਲ ਬੰਦ ਰਹੇ ਤਾਂ ਅਗਲੇ ਦਿਨਾਂ ’ਚ ਸੂਬੇ ਨੂੰ ਬਿਜਲੀ ਪੱਖੋਂ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਅਨੁਸਾਰ ਥਰਮਲਾਂ ਕੋਲ ਕੋਲੇ ਦੀ ਨਿਰੰਤਰ ਸਪਲਾਈ ਆਊਣ ਤਕ ਬਿਜਲੀ ਸੰਕਟ ਬਰਕਰਾਰ ਰਹੇਗਾ। ਪਾਵਰਕੌਮ ਦੇ ਡਾਇਰੈਕਟਰ ਜੈਨਰੇਸ਼ਨ ਇੰਜੀ. ਪਰਮਜੀਤ ਸਿੰਘ ਨੇ ਕਿਹਾ ਕਿ ਪਾਵਰਕੌਮ ਤੇ ਸੂਬਾ ਸਰਕਾਰ ਬਿਜਲੀ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਹਨ।