ਕਿਸਾਨ ਅੰਦੋਲਨ: ਕਿਸਾਨਾਂ ਵੱਲੋਂ ਸਰਾਭਾ ਅਤੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ

ਚੰਡੀਗੜ੍ਹ : ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਅੱਗੇ ਮੀਂਹ ਤੇ ਗੜੇਮਾਰੀ ਅੜਿੱਕਾ ਨਹੀਂ ਬਣੀ। ਲੰਘੀ ਰਾਤ ਮੀਂਹ ਦੌਰਾਨ ਵੀ ਕਿਸਾਨ ਮੋਰਚਿਆਂ ’ਤੇ ਡਟੇ ਰਹੇ। ਪੰਜਾਬ ਵਿੱਚ ਪਹਿਲੀ ਅਕਤੂਬਰ ਤੋਂ ਕਿਸਾਨ ਅਣਮਿੱਥੇ ਸਮੇਂ ਲਈ ਧਰਨਿਆਂ ’ਤੇ ਬੈਠੇ ਹਨ ਤੇ 24 ਸਤੰਬਰ ਤੋਂ ਰੇਲ ਆਵਾਜਾਈ ਠੱਪ ਪਈ ਹੈ। ਪੰਜਾਬ ਭਰ ’ਚ 100 ਤੋਂ ਵੱਧ ਥਾਵਾਂ ’ਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਮੌਕੇ ਕਿਸਾਨਾਂ ਨੇ ਅੱਜ ਦੇ ਦਿਨ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ, ਭਾਈ ਹਰਨਾਮ ਸਿੰਘ ਸਿਆਲਕੋਟ, ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਵੱਲੋਂ 16 ਨਵੰਬਰ, 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਦਿੱਤੀ ਗਈ ਸੀ, ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਕਮ ਵੀ ਮੁਲਕ ਨੂੰ ਆਰਥਿਕ ਗੁਲਾਮੀ ਵੱਲ ਧੱਕ ਰਹੇ ਹਨ। ਟੌਲ-ਪਲਾਜ਼ਿਆਂ, ਰੇਲਵੇ-ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲੱਗੇ ਧਰਨਿਆਂ ’ਚੋਂ ਕਾਫ਼ੀ ਥਾਵਾਂ ’ਤੇ ਸਟੇਜ ਵੀ ਕਿਸਾਨ ਨੌਜਵਾਨਾਂ ਨੇ ਸੰਭਾਲੀ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਸਮੇਤ ਹਜ਼ਾਰਾਂ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਅਤੇ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਲੈ ਕੇ ਵਿਦੇਸ਼ ਗਏ ਸਨ। ਜਦੋਂ ਸਰਾਭੇ ਵਰਗੇ ਨੌਜਵਾਨਾਂ ਨੂੰ ਗੁਲਾਮ ਭਾਰਤੀਆਂ ਨਾਲ ਬਾਹਰਲੇ ਮੁਲਕਾਂ ਵਿੱਚ ਕੀਤੇ ਜਾਂਦੇ ਵਿਤਕਰੇ ਅਤੇ ਆਪਣੇ ਮੁਲਕ ਅੰਦਰ ਬਰਤਾਨਵੀ ਸਾਮਰਾਜੀਆਂ ਵੱਲੋਂ ਕੀਤੇ ਜਾਂਦੇ ਅਤਿ ਘਿਣਾਉਣੇ ਜਬਰ ਸਬੰਧੀ ਪਤਾ ਲੱਗਾ ਤਾਂ ਚੰਗੀ ਜ਼ਿੰਦਗੀ ਜਿਊਣ ਦੀ ਝਾਕ ਛੱਡ ਆਪਣੇ ਮੁਲਕ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੀ ਅਗਵਾਈ ਹੇਠ ਹਜ਼ਾਰਾਂ ਭਾਰਤੀਆਂ ਨੇ ਆਪਣੇ ਪਿਆਰੇ ਮੁਲਕ ਦੀ ਹਕੀਕੀ ਆਜ਼ਾਦੀ ਦੀ ਤਾਂਘ ਲੈ ਕੇ ਵਤਨ ਵੱਲ ਵਹੀਰਾਂ ਘੱਤ ਦਿੱਤੀਆਂ।
ਕਿਸਾਨ ਆਗੂਆਂ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਚਿੰਤਨਸ਼ੀਲ ਨੌਜਵਾਨ ਸੀ, ਜਿਸ ਦੀ ਫੋਟੋ ਸ਼ਹੀਦ ਭਗਤ ਸਿੰਘ ਹਮੇਸ਼ਾਂ ਆਪਣੇ ਕੋਲ ਰੱਖਦਾ ਸੀ। ਗ਼ਦਰ ਲਹਿਰ ਦੇ ਸ਼ਹੀਦ ਜਿਸ ਆਜ਼ਾਦੀ ਲਈ ਜੂਝੇ ਸਨ, ਇਹ ਆਜ਼ਾਦੀ ਭਲ਼ੇ ਹੀ ਨਹੀਂ ਆਈ, ਪਰ ਜੋ ਇਤਿਹਾਸ ਦਾ ਸੁਨਹਿਰੀ ਪੰਨਾ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਚੱਲੀ ਗ਼ਦਰ ਲਹਿਰ ਦੇ ਹਿੱਸੇ ਆਇਆ, ਉਹ ਸਦੀਆਂ ਤੱਕ ਨੌਜਵਾਨਾਂ ਸਮੇਤ ਕਿਰਤੀ ਕਿਸਾਨਾਂ ਸਮੇਤ ਹੋਰਨਾਂ ਮਿਹਨਤਕਸ਼ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ। ਨੌਜਵਾਨ ਕਿਸਾਨ ਆਗੂਆਂ ਕਿਹਾ ਕਿ 26-27 ਨਵੰਬਰ ਦੇ ਇਤਿਹਾਸਕ ਦਿੱਲੀ ਕਿਸਾਨ ਮਾਰਚ ਵਿੱਚ ਹਜ਼ਾਰਾਂ ਨੌਜਵਾਨਾਂ, ਕਿਸਾਨਾਂ ਤੇ ਔਰਤਾਂ ਦੇ ਕਾਫਲੇ ਸ਼ਾਮਲ ਹੋਕੇ ਨਵਾਂ ਇਤਿਹਾਸ ਸਿਰਜਣਗੇ।
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ
ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ 18 ਨਵੰਬਰ ਨੂੰ ਚੰਡੀਗੜ੍ਹ ਵਿੱਚ 30 ਕਿਸਾਨ-ਜਥੇਬੰਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ-ਮੰਤਰੀ ਪਿਯੂਸ਼ ਗੋਇਲ ਨਾਲ 13 ਨਵੰਬਰ ਨੂੰ ਹੋਈ ਮੀਟਿੰਗ ਦੀ ਸਮੀਖਿਆ ਕਰ ਕੇ ਸੰਘਰਸ਼ ਸਬੰਧੀ ਵਿਉਂਤਬੰਦੀ ਕਰਨਗੀਆਂ ਅਤੇ 26-27 ਨਵੰਬਰ ਨੂੰ ਦੇਸ਼-ਭਰ ਦੀਆਂ ਕਰੀਬ 500 ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਕੀਤੇ ਜਾਣ ਵਾਲੇ ਇਕੱਠ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣਗੀਆਂ।