ਵੱਡੇ ਢੀਂਡਸਾ ਤੇ ਬੀਰ ਦਵਿੰਦਰ ਵੱਲੋਂ ਬੰਦ ਕਮਰਾ ਮੀਟਿੰਗ

ਪਟਿਆਲਾ : ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਮਾਡਲ ਟਾਊਨ ਵਿਚਲੇ ਘਰ ਜਾ ਕੇ ਰਾਜਸੀ ਵਿਚਾਰਾਂ ਕੀਤੀਆਂ। ਭਾਵੇਂ ਦੋਵਾਂ ਆਗੂਆਂ ਦੀ ਇਹ ਬੰਦ ਕਮਰਾ ਮੀਟਿੰਗ ਸੀ ਪਰ ਵੇਰਵਿਆਂ ਮੁਤਾਬਿਕ ਦੁਵੱਲੀ ਬੈਠਕ ’ਚ ਦੋਵੇਂ ਆਗੂਆਂ ਨੇ ਭਵਿੱਖ ਦੀ ਰਾਜਨੀਤਕ ਵਿਉਂਤਬੰਦੀ ਕੀਤੀ ਤੇ ਆਗਾਮੀ ਸ਼੍ਰੋਮਣੀ ਕਮੇਟੀ ਚੋਣ ਪਿੜ ’ਚੋਂ ਬਾਦਲਾਂ ਨੂੰ ਮਾਤ ਦੇਣ ਲਈ ਚਰਚਾ ਕੀਤੀ। ਸਿਆਸੀ ਕਾਫ਼ਲੇ ’ਚ ਰਲਣ ਵਾਲੇ ਆਗੂਆਂ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਦੇਣ ’ਤੇ ਵੀ ਵਿਚਾਰ ਕੀਤਾ ਗਿਆ।
ਦੋਵਾਂ ਆਗੂਆਂ ਨੇ 23 ਫਰਵਰੀ ਤੋਂ ਸੰਗਰੂਰ ਤੋਂ ਸ਼ੁਰੂ ਕੀਤੀ ਗਈ ਦੂਸਰੀ ਗੁਰਦੁਆਰਾ ਸੁਧਾਰ ਲਹਿਰ ਨੂੰ ਤੇਜ਼ ਕਰਨ ਅਤੇ ਪੰਥਕ ਧਿਰਾਂ ਦੀ ਵਿਆਪਕ ਸਫ਼ਬੰਦੀ ਕਰਨ ਲਈ ਚਰਚਾ ਕੀਤੀ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਟਕਸਾਲੀ ਧਿਰ ਢੀਂਡਸਾ ਨੂੰ ਪਾਰਟੀ ’ਚ ਅਹਿਮ ਜਿੰਮੇਵਾਰੀ ਦੇਣ ਦੇ ਰੌਂਅ ’ਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਟਕਸਾਲੀ ਧਿਰ ਵੱਲੋਂ ਢੀਂਡਸਾ ਨੂੰ ਕਿਹੜੀ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਕੀ ਢੀਂਡਸਾ ਆਪਣਾ ਵੱਖਰਾ ਸਿਆਸੀ ਫਰੰਟ ਖੜ੍ਹਾ ਕਰਨਗੇ, ਬਾਰੇ ਹਾਲੇ ਸਥਿਤੀ ਸਾਫ ਨਹੀਂ ਹੋਈ ਪਰ ਸਮਝਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੋਵੇਂ ਧਿਰਾਂ ਇੱਕ ਹੋ ਸਕਦੀਆਂ ਹਨ।
ਇਸ ਮਾਮਲੇ ’ਚ ਬੀਰ ਦਵਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਸਮਝਦੀ ਹੈ ਕਿ ਅਕਾਲੀ ਸਿਆਸਤ ’ਚ ਜਿਹੜਾ ਕੱਦ ਢੀਂਡਸਾ ਦਾ ਹੈ, ਉਸ ਨੂੰ ਮੁੱਖ ਰੱਖਦਿਆਂ ਅਹਿਮ ਜ਼ਿੰਮੇਵਾਰੀ ਦੇਣੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਦੁਵੱਲੀ ਬੈਠਕ ’ਚ ਵੀ ਇਸ ਮੁੱਦੇ ’ਤੇ ਵੀ ਗੱਲ ਹੋਈ ਪਰ ਵਧੇਰੇ ਕਰਕੇ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਚਰਚਾ ਦਾ ਵਿਸ਼ਾ ਰਹੀ। ਉਨ੍ਹਾਂ ਦੱਸਿਆ ਕਿ ਜੇ ਬਾਦਲਾਂ ਨੂੰ ਸਿਆਸੀ ਤੌਰ ’ਤੇ ਕਮਜ਼ੋਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਦਾ ਰਸਤਾ ਵਿਖਾਉਣਾ ਜ਼ਰੂਰੀ ਹੈ। ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਬਾਦਲ ਗੁੱਟ ਦੇ ਵੱਡੀ ਗਿਣਤੀ ਸੀਨੀਅਰ ਆਗੂ ਅਗਲੇ ਦਿਨਾਂ ਅੰਦਰ ਢੀਂਡਸਾ ਦੀ ਅਗਵਾਈ ਕਬੂਲ ਰਹੇ ਹਨ। ਇਸ ਕਰ ਕੇ ਚਰਚਾ ਕੀਤੀ ਗਈ ਕਿ ਕਾਫਲੇ ’ਚ ਰਲ ਰਹੇ ਨਵੇਂ ਆਗੂਆਂ ਨੂੰ ਉਨ੍ਹਾਂ ਦੇ ਸਿਆਸੀ ਕੱਦ ਮੁਤਾਬਿਕ ਜਥੇਬੰਦਕ ਜ਼ਿੰਮੇਵਾਰੀਆਂ ਜਲਦੀ ਦਿੱਤੀਆਂ ਜਾਣ।