ਦੌਲੇਵਾਲਾ ’ਚ ਨਸ਼ਾ ਤਸਕਰਾਂ ਦੀ ਜਾਇਦਾਦ ਦੀ ਕੁਰਕੀ ਸ਼ੁਰੂ
ਮੋਗਾ : ਨਸ਼ਿਆਂ ਲਈ ਬਦਨਾਮ ਪਿੰਡ ਦੌਲੇਵਾਲਾ ਦੀ ਇਕ ਮਹਿਲਾ ਸਮੇਤ 20 ਤਸਕਰਾਂ ਦੀ ਕਰੋੜਾਂ ਰੁਪਏ ਦੀ ਰਿਹਾਇਸ਼ੀ ਤੇ ਵਾਹੀਯੋਗ ਜ਼ਮੀਨ ਦੀ ਕੁਰਕੀ ਸ਼ੁਰੂ ਹੋ ਗਈ ਹੈ। ਮਾਲ ਵਿਭਾਗ ਦੇ ਅਧਿਕਾਰੀਆਂ ਨੇ ਡੀਐੈੱਸਪੀ ਧਰਮਕੋਟ ਦੀ ਅਗਵਾਈ ਹੇਠ ਅੱਜ ਕਥਿਤ ਤਸਕਰਾਂ ਦੀਆਂ ਵਾਹੀਯੋਗ ਜ਼ਮੀਨਾਂ ਦੀ ਨਿਸ਼ਾਨਦੇਹੀ ਮੁਕੰਮਲ ਕਰ ਕੇ ਰਿਕਾਰਡ ਹਾਸਲ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਪੁਲੀਸ ਤਾਇਨਾਤ ਸੀ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਅਤੇ ਸੁਪਰਡੈਂਟ ਆਫ਼ ਪੁਲੀਸ (ਸਥਾਨਕ) ਰਤਨ ਸਿੰਘ ਬਰਾੜ ਨੇ ਦੱਸਿਆ ਕਿ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੇ ਕੇਸ ‘ਸਮਰੱਥ ਅਥਾਰਿਟੀ’ ਨਵੀਂ ਦਿੱਲੀ ਕੋਲ ਭੇਜੇ ਗਏ ਸਨ, ਜਿੱਥੋਂ ਹਰੀ ਝੰਡੀ ਮਿਲਣ ਮਗਰੋਂ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਭਾਰਤ ਸਰਕਾਰ ਦੇ ਮਾਲ ਵਿਭਾਗ (ਸਮਰੱਥ ਅਥਾਰਿਟੀ) ਵੱਲੋਂ ਕਾਰਵਾਈ ਕਰਨ ਸਬੰਧੀ ਕਲੀਅਰੈਂਸ ਮਿਲਣ ’ਤੇ ਇਨ੍ਹਾਂ 20 ਤਸਕਰਾਂ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ ਦੀ ਖ਼ਰੀਦੋ-ਫ਼ਰੋਖ਼ਤ ’ਤੇ ਪਹਿਲਾਂ ਮਾਲ ਰਿਕਾਰਡ ’ਚ ਲਾਲ ਸਿਆਹੀ ਅੰਦਰਾਜ਼ (ਅਟੈਚ) ਕਰ ਕੇ ਰੋਕ ਲਗਾਈ ਗਈ ਸੀ ਅਤੇ ਹੁਣ ਕਲੀਅਰੈਂਸ ਪ੍ਰਾਪਤ ਹੋਣ ਮਗਰੋਂ ਕੁਰਕੀ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਡੀਐੱਸਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਨ੍ਹਾਂ ਤਸਕਰਾਂ ਉੱਤੇ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਵਾਂ ਤਹਿਤ ਕੇਸ ਦਰਜ ਸਨ। ਜਿਨ੍ਹਾਂ ਤਸਕਰਾਂ ਦੀ ਜਾਇਦਾਦ ਕੁਰਕ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਸਭ ਤੋਂ ਵੱਧ ਸਿੰਬਲ ਕੌਰ ਨਾਂ ਦੀ ਮਹਿਲਾ ਦੀ 20 ਏਕੜ ਜ਼ਮੀਨ, ਜੋ ਕਥਿਤ ਇਸ ਧੰਦੇ ਤੋਂ ਇਕੱਠੀ ਕੀਤੀ ਗਈ ਹੈ, ਕੁਰਕ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਹਿਲਾ ਦੇ ਦੋ ਪੁੱਤਰ ਬਿੰਦਰ ਤੇ ਗਿੰਦਰ ਵੀ ਨਸ਼ਾ ਤਸਕਰੀ ਦੇ ਕੇਸਾਂ ’ਚ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਸਕੇ ਭਰਾਵਾਂ ਅਮਨਦੀਪ ਸਿੰਘ, ਗਗਨਦੀਪ ਸਿੰਘ ਤੇ ਕਾਰਜ ਸਿੰਘ ਅਤੇ ਪਿੱਪਲ ਸਿੰਘ ਦੀ ਜਾਇਦਾਦ ਕੁਰਕੀ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਮੀਨ ਦੀ ਕੁਰਕੀ ਸਬੰਧੀ ਕਾਰਵਾਈ ਕਰ ਰਹੇ ਕਾਰਜਕਾਰੀ ਜ਼ਿਲ੍ਹਾ ਅਫ਼ਸਰ-ਕਮ-ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੁੱਲ 47 ਕੇਸਾਂ ’ਚ ਕਥਿਤ ਤਸਕਰੀ ਤੋਂ ਬਣਾਈ ਜਾਇਦਾਦ ਕੁਰਕ ਕਰਨ ਦੇ ਹੁਕਮ ਮਿਲੇ ਹਨ। ਇਨ੍ਹਾਂ ’ਚੋਂ 20 ਕੇਸ ਇਕੱਲੇ ਪਿੰਡ ਦੌਲੇਵਾਲਾ ਨਾਲ ਸਬੰਧਤ ਹਨ। ਇਸ ਮੌਕੇ ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਤੇ ਥਾਣਾ ਮੁਖੀ ਕੋਟ ਈਸੇ ਖਾਂ ਜਸਵਿੰਦਰ ਸਿੰਘ ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ।