ਕੌਂਸਲ ਚੋਣਾਂ ਵਿੱਚ ਗ਼ੈਰ-ਭਾਜਪਾ ਪਾਰਟੀਆਂ ਦੀ ਹਿੱਸੇਦਾਰੀ ਤੋੜਨ ਦੀ ਕੋਸ਼ਿਸ਼ ’ਚ ਕੇਂਦਰ: ਮਹਿਬੂਬਾ

ਸ੍ਰੀਨਗਰ : ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਭਾਜਪਾ ਨੂੰ ਛੱਡ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੀ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਵਿਚ ਹਿੱਸੇਦਾਰੀ ਨੂੰ ‘ਤੋੜਨ’ ਦੀ ਕੋਸ਼ਿਸ਼ ਕਰ ਰਹੀ ਹੈ। ਮੁਫ਼ਤੀ ਨੇ ਕਿਹਾ ਕਿ ਆਜ਼ਾਦੀ ਨਾਲ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। 

ਮਹਿਬੂਬਾ ਨੇ ਇਹ ਦੋਸ਼ ਉਸ ਵੇਲੇ ਲਾਏ ਹਨ ਜਦ ਵਾਦੀ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ- ਐਨਸੀ ਤੇ ਪੀਡੀਪੀ ਚੋਣਾਂ ਵਿਚ ਬਰਾਬਰ ਦਾ ਸਲੂਕ ਨਾ ਹੋਣ ਦੇ ਇਲਜ਼ਾਮ ਲਾ ਰਹੀਆਂ ਹਨ। ਮੁਫ਼ਤੀ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਉਨ੍ਹਾਂ ਦੇ ਉਮੀਦਵਾਰਾਂ ਨੂੰ ਕਈ ਥਾਵਾਂ ’ਤੇ ਬਾਹਰ ਨਹੀਂ ਨਿਕਲਣ ਦੇ ਰਿਹਾ ਹੈ, ਨਾ ਹੀ ਪ੍ਰਚਾਰ ਕਰਨ ਦੇ ਰਿਹਾ ਹੈ। ਪੀਡੀਪੀ ਮੁਖੀ ਨੇ ਟਵੀਟ ਕੀਤਾ ‘ਪਾਰਟੀ ਦੇ ਬਸ਼ੀਰ ਅਹਿਮਦ ਕੋਲ ਲੋੜੀਂਦੀ ਸੁਰੱਖਿਆ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪਹਿਲਗਾਮ ਵਿਚ ਨਜ਼ਰਬੰਦ ਕਰ ਲਿਆ ਗਿਆ। ਅੱਜ ਕਾਗਜ਼ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ ਤੇ ਅਸੀਂ ਅਨੰਤਨਾਗ ਦੇ ਡੀਸੀ ਕੋਲ ਰਿਹਾਈ ਲਈ ਪਹੁੰਚ ਕੀਤੀ ਹੈ।’ ਇਸੇ ਦੌਰਾਨ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਉਨ੍ਹਾਂ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਾਮਬਿਆਰਾ  ਨਾਲਾ ਇਲਾਕੇ ’ਚ ਜਾਣ ਤੋਂ ਰੋਕ    ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਸ ਖੇਤਰ ’ਚ ਨਾਜਾਇਜ਼ ਟੈਂਡਰਾਂ ਰਾਹੀਂ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਹੈ ਕਿ ਉਮੀਦਵਾਰਾਂ ਨੂੰ ਸਾਂਝੇ ਤੌਰ ’ਤੇ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਇਸ ਲਈ ਕਈ ਥਾਵਾਂ ਤੈਅ ਕੀਤੀਆਂ ਗਈਆਂ ਹਨ ਕਿਉਂਕਿ ਹਰੇਕ ਉਮੀਦਵਾਰ ਨੂੰ ਸੁਰੱਖਿਆ ਦੇਣੀ ਮੁਸ਼ਕਲ ਹੈ। ਆਈਜੀ (ਪੁਲੀਸ) ਵਿਜੈ ਕੁਮਾਰ ਨੇ ਕਿਹਾ ਕਿ ਉਮੀਦਵਾਰਾਂ ਨੂੰ ਦੋਹਰੀ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਜਿੱਥੇ ਉਹ ਚੋਣ ਪ੍ਰਚਾਰ ਲਈ ਜਾ ਰਹੇ ਉੱਥੇ ਵੀ ਸੁਰੱਖਿਆ ਬਲ ਤਾਇਨਾਤ ਹਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਗੁਪਕਾਰ ਗੱਠਜੋੜ ਦੇ ਮੁਖੀ ਫਾਰੂਕ ਅਬਦੁੱਲਾ ਨੇ ਵੀ ਦੋਸ਼ ਲਾਇਆ ਹੈ ਕਿ ਸੁਰੱਖਿਆ ਦਾ ਹਵਾਲਾ ਦੇ ਕੇ ਜੰਮੂ ਕਸ਼ਮੀਰ ਵਿਚ ਲੋਕਤੰਤਰਿਕ ਪ੍ਰਕਿਰਿਆ ਵਿਚ ਅੜਿੱਕਾ ਪਾਉਣ ਤੇ ਇਸ ਨੂੰ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਰੂਕ ਨੇ ਇਸ ਬਾਰੇ ਜੰਮੂ ਕਸ਼ਮੀਰ ਦੇ ਚੋਣ ਕਮਿਸ਼ਨਰ ਕੇਕੇ ਸ਼ਰਮਾ ਨੂੰ ਦੋ ਸਫ਼ਿਆਂ ਦਾ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ਚੋਣਾਂ ਵਿਚ ਕੁਝ ਉਮੀਦਵਾਰਾਂ ਨੂੰ ਸੁਰੱਖਿਆ ਦੇਣੀ ਤੇ ਬਾਕੀਆਂ ਨੂੰ ਨਜ਼ਰਬੰਦ ਕਰਨਾ ਲੋਕਤੰਤਰਿਕ ਪ੍ਰਕਿਰਿਆ ਵਿਚ ਵੱਡੀ ਦਖ਼ਲਅੰਦਾਜ਼ੀ ਹੈ। ਫਾਰੂਕ ਨੇ ਲਿਖਿਆ ਹੈ ਕਿ ਗੁਪਕਾਰ ਗੱਠਜੋੜ ਦੇ ਉਮੀਦਵਾਰਾਂ ਨੂੰ ਸੁਰੱਖਿਆ ਦਾ ਹਵਾਲਾ ਦੇ ਕੇ ‘ਸੁਰੱਖਿਅਤ ਥਾਵਾਂ’ ’ਤੇ ਲਿਜਾਇਆ ਜਾ ਰਿਹਾ ਹੈ ਤੇ ਉੱਥੇ ਹੀ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਪ੍ਰਚਾਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਨਾ ਲੋਕਾਂ ਨਾਲ ਤਾਲਮੇਲ ਕਰਨ ਦਿੱਤਾ ਜਾ ਰਿਹਾ ਹੈ। ਅਬਦੁੱਲਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਪਹਿਲਾਂ ਸੱਤਾ ਵਿਚ ਰਹਿ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਪ੍ਰਚਾਰ ਦੌਰਾਨ ਆਉਂਦੀਆਂ ਚੁਣੌਤੀਆਂ ਬਾਰੇ ਪਤਾ ਹੈ। ਕੁਝ ਵਿਸ਼ੇਸ਼ ਉਮੀਦਵਾਰਾਂ ਨੂੰ ਸੁਰੱਖਿਆ ਦੇ ਨਾਂ ’ਤੇ ਨਜ਼ਰਬੰਦ ਕਰਨਾ ਠੀਕ ਨਹੀਂ ਹੈ।

Leave a Reply

Your email address will not be published. Required fields are marked *