ਬਾਇਡਨ ਅਗਲੇ ਹਫ਼ਤੇ ਕਰ ਸਕਦੇ ਨੇ ਕੈਬਨਿਟ ਦਾ ਐਲਾਨ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਪ੍ਰਸ਼ਾਸਨ ਦੇ ਅਹੁਦੇ ਭਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾ ਸਕਦਾ ਹੈ। ਊਨ੍ਹਾਂ ਦੱਸਿਆ ਉਹ ਇਹ ਫ਼ੈਸਲਾ ਵੀ ਕਰ ਚੁੱਕੇ ਹਨ ਕਿ ਖਜ਼ਾਨਾ ਵਿਭਾਗ ਦੀ ਅਗਵਾਈ ਕੌਣ ਕਰੇਗਾ। ਇਸ ਦੇ ਨਾਲ ਗ੍ਰਹਿ ਮੰਤਰੀ ਅਤੇ ਹੋਰ ਅਹੁਦਿਆਂ ਲਈ ਨਾਵਾਂ ਦਾ ਐਲਾਨ ਵੀ ‘ਥੈਂਕਸ-ਗਿਵਿੰਗ’ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ। ਕੈਬਨਿਟ ਦਾ ਐਲਾਨ ਵੱਖ-ਵੱਖ ਸਮੇਂ ’ਤੇ ਕੀਤਾ ਜਾ ਸਕਦਾ ਹੈ, ਜਿਸ ਵਿੱਚ ਆਰਥਿਕਤਾ, ਕੌਮੀ ਸੁਰੱਖਿਆ ਜਾਂ ਜਨਤਕ ਸਿਹਤ ਵਿਭਾਗਾਂ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਟਰੰਪ ਪ੍ਰਸ਼ਾਸਨ ਨੇ ਸੱਤਾ ਤਬਦੀਲੀ ਲਈ ਹਰ ਜ਼ਰੂਰੀ ਕਦਮ ਚੁੱਕਿਆ: ਵ੍ਹਾਈਟ ਹਾਊਸ
ਵਾਸ਼ਿੰਗਟਨ: ਵ੍ਹਾਈਟ ਹਾਊਸ ਵੱਲੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਰਾਸ਼ਟਰਪਤੀ ਸੱਤਾ ਤਬਦੀਲੀ ਕਾਨੂੰਨ ਤਹਿਤ ਸੰਵਿਧਾਨਕ ਰੂਪ ’ਚ ਜੋ ਵੀ ਜ਼ਰੂਰੀ ਹੈ, ਉਹ ਸਭ ਟਰੰਪ ਪ੍ਰਸ਼ਾਸਨ ਨੇ ਕੀਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੀ ਮੈਕਨੇਨੀ ਨੇ ਕਿਹਾ ਕਿ ਰਾਸ਼ਟਰਪਤੀ ਸੱਤਾ ਤਬਦੀਲੀ ਕਾਨੂੰਨ ਇਹ ਦੱਸਦਾ ਹੈ ਕਿ ਚੋਣਾਂ ਦੀ ਅਗਲੇਰੀ ਪ੍ਰਕਿਰਿਆ ’ਚ ਪ੍ਰਸ਼ਾਸਨ ਨੇ ਕੀ ਕਰਨਾ ਹੈ। ਸੰਵਿਧਾਨਕ ਰੂਪ ’ਚ ਜੋ ਜ਼ਰੂਰੀ ਹੈ ਉਹ ਸਭ ਅਸੀਂ ਕੀਤਾ ਹੈ ਅਤੇ ਕਰਨਾ ਜਾਰੀ ਰੱਖਾਂਗੇ।