ਪਾਕਿਸਤਾਨ ’ਚ ਜਬਰ-ਜਨਾਹ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਬਾਰੇ ਕਾਨੂੰਨ ਨੂੰ ਮਨਜ਼ੂਰੀ

ਇਸਲਾਮਾਬਾਦ : ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਬਰ-ਜਨਾਹ ਦੇ ਦੋਸ਼ੀਆਂ ਨੂੰ ਸਜ਼ਾ ਤਹਿਤ ਨਪੁੰਸਕ ਬਣਾਏ ਜਾਣ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਦੋਸ਼ੀ ਨੂੰ ਰਸਾਇਣਕ ਢੰਗ ਨਾਲ ਅਜਿਹਾ ਬਣਾਏ ਜਾਣ ਦੀ ਤਜਵੀਜ਼ ਰੱਖੀ ਗਈ ਹੈ। ਇਹ ਫ਼ੈਸਲਾ ਇਕ ਕੈਬਨਿਟ ਮੀਟਿੰਗ ਵਿਚ ਲਿਆ ਗਿਆ ਹੈ ਜਿਸ ਵਿਚ ਕਾਨੂੰਨ ਮੰਤਰਾਲੇ ਨੇ ਜਬਰ-ਜਨਾਹ ਵਿਰੋਧੀ ਆਰਡੀਨੈਂਸ ਦਾ ਖਰੜਾ ਪੇਸ਼ ਕੀਤਾ ਸੀ। ਖਰੜੇ ਵਿਚ ਜਬਰ-ਜਨਾਹ ਦੇ ਕੇਸਾਂ ਦਾ ਜਲਦੀ ਤੋਂ ਜਲਦੀ ਨਿਬੇੜਾ ਕਰਨ ਤੇ ਗਵਾਹਾਂ ਨੂੰ ਸੁਰੱਖਿਆ ਦੇਣ ਬਾਰੇ ਕਈ ਤਜਵੀਜ਼ਾਂ ਹਨ। ਇਮਰਾਨ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਤੇ ਦੇਰੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਬਰ-ਜਨਾਹ ਪੀੜਤਾ ਆਪਣੀ ਸ਼ਿਕਾਇਤ ਬਿਨਾਂ ਭੈਅ ਦਰਜ ਕਰਵਾ ਸਕੇਗੀ, ਸਰਕਾਰ ਉਸ ਦੀ ਪਛਾਣ ਜ਼ਾਹਿਰ ਨਹੀਂ ਹੋਣ ਦੇਵੇਗੀ।