ਖੱਟਰ ਸਰਕਾਰ ਨੂੰ ਜਿੰਨੀ ਫਿੱਟ ਲਾਹਨਤ ਪਾਈ ਜਾਵੇ, ਉਨੀਂ ਹੀ ਥੋੜੀ

-ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਹੈ।ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਤਕਰੀਬਨ ਤਿੰਨ ਮਹੀਨੇ ਤੋਂ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ।ਕੇਂਦਰ ਸਰਕਾਰ ਨੇ ਇੰਨਾਂ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ , ਉਲਟਾ ਕਿਸਾਨਾਂ ਦੇ ਸੰਘਰਸ਼ ਨੂੰ ਸਿਆਸਤ ਤੋਂ ਪ੍ਰੇਰਿਤ ਹੀ ਦੱਸਿਆ ਗਿਆ ਹੈ।ਮਰਦੀ ਨੇ ਅੱਕ ਚੱਬਿਆ ਦੀ ਕਹਾਵਤ ਮੁਤਾਬਕ ਆਖਰ ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਦਿੱਲੀ ਵੱਲ੍ਹ ਕੂਚ ਕਰਨਾ ਪਿਆ।ਇਸ ਸੰਘਰਸ਼ ਵਿੱਚ ਪੰਜਾਬ-ਹਰਿਆਣਾ ਦਾ ਕਿਸਾਨ ਹੀ ਨਹੀਂ ਸਮੁੱਚੇ ਦੇਸ਼ ਦਾ ਕਿਸਾਨ ਕੁੱਦ ਪਿਆ ਹੈ।ਬੜੀ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਜਿਹੜਾ ਰਾਹ ਚੁਣਿਆ ਉਹ ਲੋਕਤੰਤਰੀ ਦੇਸ਼ ਵਿੱਚ ਕਿਸੇ ਤਰਾਂ ਵੀ ਵਾਜ਼ਿਬ ਨਹੀਂ ਹੈ।
ਪੰਜਾਬ ਦੇ ਕਿਸਾਨ ਟਰੈਕਟਰ-ਟਰਾਲੀਆਂ ਵਿੱਚ ਛੇ-ਛੇ ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਦਿੱਲੀ ਵੱਲ੍ਹ ਸ਼ਾਂਤਮਈ ਢੰਗ ਨਾਲ ਜਾ ਰਹੇ ਸਨ।ਜਦੋਂ ਕਿਸਾਨ ਹਰਿਆਣਾ ਦੇ ਬਾਰਡਰ ਤੇ ਪਹੁੰਚੇ ਤਾਂ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਹੀ ਨਹੀਂ ਲਾਏ ਸਗੋਂ ਸੜਕਾਂ ਤੇ ਮਿੱਟੀ ਦੇ ਢੇਰ ਲਾਏ,ਕੰਡਿਆਲੀਆਂ ਤਾਰਾਂ ਲਾਈਆਂ,ਪਾਣੀ ਦੀਆਂ ਬੁਛਾੜਾਂ ਦਾ ਪ੍ਰਬੰਧ ਕੀਤਾ ਅਤੇ ਕਈ ਥਾਵਾਂ ਤੇ ਸੜਕਾਂ ਵਿੱਚ ਟੋਏ ਪੁੱਟੇ ਗਏ।ਖੱਟਰ ਸਰਕਾਰ ਸ਼ਾਇਦ ਪੰਜਾਬੀਆਂ ਦੇ ਇਤਿਹਾਸ ਤੋਂ ਵਾਕਿਫ ਨਹੀਂ ਹੈ,ਇਸੇ ਕਰਕੇ ਕਿਸਾਨਾਂ ਨੂੰ ਰੋਕਣ ਲਈ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਇਹ ਸਾਰੀਆਂ ਰੁਕਾਵਟਾਂ ਕੁੱਝ ਮਿੰਟਾਂ ਵਿੱਚ ਹੀ ਰਾਹ ਵਿੱਚੋਂ ਹਟਾ ਦਿੱਤੀਆਂ।ਪੰਜਾਬੀ ਉਹ ਲੋਕ ਨੇ ਜਿਹੜੇ ਜੇਲ੍ਹਾਂ ਵਿੱਚੋਂ ਵੀ ਸੁਰੰਗਾਂ ਬਣਾਕੇ ਬਾਹਰ ਨਿਕਲਣਾ ਜਾਣਦੇ ਨੇ।ਇਹਨਾਂ ਮੂਹਰੇ ਖੱਟਰ ਸਰਕਾਰ ਦੀਆਂ ਸੜਕਾਂ ਤੇ ਪੈਦਾ ਕੀਤੀਆਂ ਰੁਕਾਵਟਾਂ ਤਾਂ ਕੁੱਝ ਵੀ ਨਹੀਂ ਸਨ।
ਆਪਣੇ ਹੀ ਦੇਸ਼ ਵਿੱਚ ਆਪਣੇ ਹੱਕ ਲੈਣ ਲਈ ਦਿੱਲੀ ਜਾਣ ਤੋਂ ਰੋਕਣਾ ਖੱਟਰ ਸਰਕਾਰ ਦੀ ਬੱਜਰ ਗਲਤੀ ਹੈ,ਜਿਹੜੀ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖੀ ਜਾਵੇਗੀ।ਹਰਿਆਣਾ ਸਰਕਾਰ ਨੇ ਰੁਕਾਵਟਾਂ ਇੱਕ ਥਾਂ ਨਹੀਂ ਸਗੋਂ ਬਹੁਤ ਥਾਵਾਂ ਤੇ ਲਗਾਈਆਂ ਜਿਹਨਾਂ ਨੂੰ ਕਿਸਾਨਾਂ ਨੇ ਖੇਤ ਚੋਂ ਮੂਲੀ ਪੁੱਟਣ ਵਾਂਗ ਪੁੱਟ ਕੇ ਪਰ੍ਹਾਂ ਕਰ ਦਿੱਤਾ।ਖੱਟਰ ਦੇ ਝੂਠ ਦੀ ਉਦੋਂ ਇੰਤਹਾ ਹੋ ਗਈ ਜਦੋਂ ਉਸਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਲਬਾਤ ਕਰਨ ਲਈ ਵਾਰ-ਵਾਰ ਫੋਨ ਕੀਤਾ ਪਰ ਕੈਪਟਨ ਸਾਹਿਬ ਨੇ ਫੋਨ ਚੁੱਕਿਆ ਹੀ ਨਹੀਂ।ਖੱਟਰ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਡੀ ਵਿਧਾਨ ਸਭਾ ਵੀ ਚੰਡੀਗੜ੍ਹ ਹੈ ਅਤੇ ਪੰਜਾਬ ਦੀ ਵੀ ਚੰਡੀਗੜ੍ਹ,ਜੇ ਕੈਪਟਨ ਨੇ ਫੋਨ ਨਹੀਂ ਸੀ ਚੁੱਕਿਆ ਤਾਂ ਆਪਣੀ ਗੱਡੀ ਵਿੱਚ ਬੈਠਕੇ ਕੈਪਟਨ ਦੇ ਘਰ ਹੀ ਜਾ ਕੇ ਮਿਲ ਲੈਂਦਾ।ਪਰ ਦਿਲ ਵਿੱਚ ਖੋਟ ਹੈ।ਖੱਟਰ ਨੇ ਝੂਠ ਬੋਲਣ ਤੇ ਹੀ ਲੱਕ ਬੰਨ੍ਹਿਆ ਹੋਇਆ ਹੈ।
ਖੱਟਰ ਵਾਰ-ਵਾਰ ਕਹਿ ਰਿਹਾ ਹੈ ਕਿ ਹਰਿਆਣਾ ਦਾ ਕਿਸਾਨ ਇਸ ਸੰਘਰਸ਼ ਵਿੱਚ ਸ਼ਾਮਿਲ ਹੀ ਨਹੀਂ ਹੈ।ਸ਼ਾਇਦ ਖੱਟਰ ਨੂੰ ਮੀਡੀਆ ਦੀਆਂ ਖਬਰਾਂ ਵਿਖਾਈ ਨਹੀਂ ਦਿੰਦੀਆਂ ਜਿਹਨਾਂ ਵਿੱਚ ਹਰਿਆਣਾ ਦਾ ਕਿਸਾਨ ਹੀ ਨਹੀਂ,ਸਗੋਂ ਉੱਥੋਂ ਦੇ ਦੁਕਾਨਦਾਰ ,ਮਕੈਨਿਕ ਅਤੇ ਪਿੰਡਾਂ ਦੇ ਆਮ ਲੋਕ ਵੀ ਕਿਸਾਨਾਂ ਦੀ ਮਦੱਦ ਵਿੱਚ ਜੁਟੇ ਹੋਏ ਹਨ।ਖੱਟਰ ਸਰਕਾਰ ਨੇ ਕੁੱਝ ਕਿਸਾਨਾਂ ਵਿਰੁੱਧ 307 ਦੇ ਪਰਚੇ ਦਰਜ ਕਰਕੇ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ ਵੀ ਕੀਤੀ ਪਰ ਪੰਜਾਬੀ ਲੋਕ ਇਹੋ ਜਿਹੇ ਪਰਚਿਆਂ ਦੀ ਪ੍ਰਵਾਹ ਕਦੇ ਵੀ ਨਹੀਂ ਕਰਦੇ। ਪੰਜਾਬ ਦੇ ਕਿਸਾਨ ਆਪਣੀ ਜਾਨ ਤਲ਼ੀ ਤੇ ਰੱਖ ਕੇ ਤੁਰੇ ਹੋਏ ਹਨ।ਮੀਡੀਆ ਵਿੱਚ ਵਿਖਾਈਆਂ ਜਾਣ ਵਾਲੀਆਂ ਖਬਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸਾਨ ਮਰ ਤਾਂ ਸਕਦੇ ਹਨ ਹੁਣ ਦਿੱਲੀ ਤੋਂ ਖਾਲੀ ਹੱਥ ਵਾਪਿਸ ਮੁੜਨ ਵਾਲੇ ਨਹੀਂ।ਕਿਸਾਨ ਇਹ ਗੱਲ ਭਲੀ ਭਾਂਤ ਸਮਝ ਚੁੱਕੇ ਹਨ ਕਿ ਇਹ ਕਾਨੂੰਨ ਕਿਸਾਨੀ ਨੂੰ ਤਬਾਹ ਕਰ ਦੇਣਗੇ।ਇਹ ਮੌਕਾ ਹੁਣ ਮੂਕ ਦਰਸ਼ਕ ਬਣਕੇ ਤਮਾਸ਼ਾ ਵੇਖਣ ਦਾ ਨਹੀਂ ਹੈ,ਇਹ ਤਾਂ ਪੰਜਾਬ ਦੇ ਕਿਸਾਨਾਂ ਦੀ ਹੋਂਦ ਨੂੰ ਕਾਇਮ ਰੱਖਣ ਦਾ ਸਮਾਂ ਹੈ।
ਕਿਸਾਨਾਂ ਵਲੋਂ ਸਾਰੀਆਂ ਰੋਕਾਂ ਤੋੜਕੇ ਦਿੱਲੀ ਪੁੱਜ ਜਾਣ ਤੇ ਸ਼ਾਇਦ ਹੁਣ ਖੱਟਰ ਨੂੰ ਵੀ ਸਮਝ ਲੱਗ ਗਈ ਹੋਵੇਗੀ ਕਿ ਪੰਜਾਬ ਦੇ ਕਿਸਾਨਾਂ ਨੂੰ ਰੋਕਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।ਕਿਸਾਨਾਂ ਦੇ ਸੰਘਰਸ਼ ਨੇ ਕੇਂਦਰ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਜਰੂਰ ਕੀਤਾ ਹੈ।ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਨਿਰੰਕਾਰੀਆਂ ਦੀ ਗਰਾਊਂਡ ਵਿੱਚ ਇਕੱਤਰ ਹੋਣ ਦੀ ਪੇਸ਼ਕਸ਼ ਕੀਤੀ ਜੋ ਕਿ ਕਿਸਾਨਾਂ ਨੇ ਠੁਕਰਾ ਦਿੱਤੀ।ਕਿਸਾਨ ਸਮਝਦੇ ਹਨ ਕਿ ਇਹ ਵੀ ਕੇਂਦਰ ਸਰਕਾਰ ਦੀ ਚਾਲ ਹੈ।
ਕਿਸਾਨਾਂ ਅੰਦਰ ਜੋਸ਼ ਉਬਾਲੇ ਮਾਰ ਰਿਹਾ ਹੈ।ਸੱਤਰ-ਅੱਸੀ ਸਾਲਾਂ ਦੇ ਬਜੁਰਗਾਂ ਵਿੱਚ ਵੀ ਲੋਹੜੇ ਦਾ ਉਤਸ਼ਾਹ ਹੈ।ਇਹਨਾਂ ਦਾ ਜੋਸ਼ ਵੇਖਕੇ ਪਤਾ ਲੱਗਦਾ ਹੈ ਕਿ ਇਹ ਹੁਣ ਮਰ ਤਾਂ ਜਾਣਗੇ ਪਰ ਪਾਸ ਕੀਤੇ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ।ਕਿਸਾਨਾਂ ਦੇ ਸੰਘਰਸ਼ ਵਿੱਚ ਖੱਟਰ ਵਲੋਂ ਨਿਭਾਈ ਗਈ ਮਾੜੀ ਭੂਮਿਕਾ ਕਿਸੇ ਨਾ ਕਿਸੇ ਦਿਨ ਖੱਟਰ ਦੀ ਜ਼ਮੀਰ ਤੇ ਸੱਟ ਜਰੂਰ ਮਾਰੇਗੀ।ਪੰਜਾਬ ਦੇ ਲੋਕ ਦੁੱਖਾਂ ਵਿੱਚ ਵੀ ਚੜ੍ਹਦੀ ਕਲਾ’ਚ ਰਹਿਣਾ ਜਾਣਦੇ ਹਨ।ਬਹੁਤ ਸਾਰੇ ਕਲਾਕਾਰਾਂ ਨੇ ਜੁਝਾਰੂ ਗੀਤ ਗਾ ਕੇ ਕਿਸਾਨਾਂ ਦੇ ਹੌਂਸਲੇ ਹੋਰ ਵੀ ਬੁਲੰਦ ਕੀਤੇ ਹਨ।
ਦੇਸ਼ ਅਜਾਦ ਹੋਣ ਤੋਂ ਬਾਅਦ ਅਜਿਹਾ ਸੰਘਰਸ਼ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ।ਐਨੇ ਕਿਸਾਨ ਮਾਰੂ ਬਿੱਲ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਲਿਆਂਦੇ।ਪੰਜਾਬ ਉਹ ਸੂਬਾ ਹੈ ਜਿਸਨੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਹਰਾ ਇਨਕਲਾਬ ਲਿਆ ਕੇ ਪੂਰੇ ਦੇਸ਼ ਦੇ ਲੋਕਾਂ ਦਾ ਪੇਟ ਭਰਨਾ ਸ਼ੁਰੂ ਕੀਤਾ।ਦੇਸ਼ ਨੂੰ ਅੰਨ ਦੇ ਪੱਖੋਂ ਆਤਮ ਨਿਰਭਰ ਬਣਾਉਣ ਵਾਲਾ ਪੰਜਾਬ ਦਾ ਕਿਸਾਨ ਹੀ ਹੈ।ਕੇਂਦਰ ਦੀ ਸਰਕਾਰ ਉਸੇ ਕਿਸਾਨ ਨੂੰ ਹੁਣ ਭਿਖਾਰੀ ਬਣਾਉਣ ਦੇ ਰਾਹ ਤੁਰੀ ਹੋਈ ਹੈ।ਖੱਟਰ ਨੂੰ ਅਜੇ ਵੀ ਮਾੜਾ ਮੋਟਾ ਅਕਲ ਤੋਂ ਕੰਮ ਲੈ ਕੇ ਕੇਂਦਰ ਸਰਕਾਰ ਤੇ ਜੋਰ ਪਾਉਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਕੇ ਉਹਨਾਂ ਦੇ ਜਖਮਾਂ ਤੇ ਮਲ੍ਹਮ ਲਾਵੇ।ਕਿਸਾਨ ਨੂੰ ਖਤਮ ਕਰਨ ਦਾ ਮਤਲਬ ਦੇਸ਼ ਨੂੰ ਖਤਮ ਕਰਨਾ ਹੈ।ਪੰਜਾਬ ਦੇਸ਼ ਦੀ ਖੜਗ ਭੁਜਾ ਹੈ।ਜਿਸ ਦੇਸ਼ ਦੀ ਖੜਗ ਭੁਜਾ ਕਮਜੋਰ ਹੋ ਜਾਵੇ ਉਸ ਦੇਸ਼ ਤੇ ਦੁਸ਼ਮਣ ਕਿਸੇ ਵੇਲੇ ਵੀ ਹਮਲਾ ਕਰਕੇ ਜਿੱਤ ਹਾਸਿਲ ਕਰ ਸਕਦਾ ਹੈ।
ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
ਫੋਨ-001-360-448-1989