ਮੁਹਾਲੀ: ਕੰਬਾਲਾ ’ਚ ਤਾਏ ਦੇ ਪੁੱਤ ਨੇ ਚਚੇਰੇ ਭਰਾ ਦਾ ਕਤਲ ਕੀਤਾ

ਮੁਹਾਲੀ : ਮੁਹਾਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਦੋ ਨੌਜਵਾਨਾਂ ਦੇ ਕਤਲ ਦੀਆਂ ਵਾਰਦਾਤਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇੱਥੋਂ ਦੇ ਨਜ਼ਦੀਕੀ ਪਿੰਡ ਕੰਬਾਲਾ ਵਿੱਚ ਬੁੱਧਵਾਰ ਦੇਰ ਰਾਤ ਤਾਏ ਦੇ ਮੁੰਡੇ ਨੇ ਆਪਣੇ ਚਚੇਰੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (30) ਵਜੋਂ ਹੋਈ ਹੈ। ਪੁਲੀਸ ਨੇ ਹਮਲਾਵਰ ਲਖਵਿੰਦਰ ਸਿੰਘ ਲੱਖੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਅੱਜ ਚੰਡੀਗੜ੍ਹ ਪੁਲੀਸ ਮੁਲਾਜ਼ਮ ਦੇ ਬੇਟੇ ਦਾ ਵਿਆਹ ਹੈ ਅਤੇ ਬੁੱਧਵਾਰ ਨੂੰ ਮੇਲ ਵਾਲੇ ਦਿਨ ਉਨ੍ਹਾਂ ਦੇ ਪਾਰਟੀ ਸੀ ਅਤੇ ਜਾਗੋ ਕੱਢੀ ਗਈ। ਵਿਆਹ ਦੀ ਖੁਸ਼ੀ ਵਿੱਚ ਸ਼ਰਾਬ ਪੀਣ ਦੌਰਾਨ ਦੋਵੇਂ ਭਰਾਵਾਂ ਵਿੱਚ ਕਿਸੇ ਗੱਲ ਕਾਰਨ ਬਹਿਸ ਹੋ ਗਈ ਅਤੇ ਗੱਲ ਕਤਲ ਤੱਕ ਪੁੱਜ ਗਈ। ਆਪਸੀ ਝਗੜੇ ਤੋਂ ਬਾਅਦ ਲੱਖੀ ਆਪਣੇ ਘਰ ਆ ਗਿਆ ਸੀ ਜਦੋਂਕਿ ਗੁਰਵਿੰਦਰ ਹਾਲੇ ਪਿੱਛੇ ਆ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਗੁਰਵਿੰਦਰ, ਲੱਖੀ ਦੇ ਘਰ ਕੋਲੋਂ ਲੰਘਣ ਲੱਗਾ ਤਾਂ ਉੱਥੇ ਲੱਖੀ ਪਹਿਲਾਂ ਹੀ ਕੁਹਾੜੀ ਲਈ ਖੜ੍ਹਾ ਸੀ ਅਤੇ ਉਸ ਨੇ ਆਪਣੇ ਚਚੇਰੇ ਭਰਾ ਨੂੰ ਰਸ਼ਤੇ ਵਿੱਚ ਘੇਰ ਕੇ ਹਮਲਾ ਕਰ ਦਿੱਤਾ। ਗੁਰਵਿੰਦਰ ਦਾ ਸਿਰ ਧੜ ਤੋਂ ਅਲੱਗ ਹੋ ਗਿਆ। ਹਾਲਾਂਕਿ ਦੇਰ ਰਾਤ ਗੁਰਵਿੰਦਰ ਨੂੰ ਸੋਹਾਣਾ ਹਸਪਤਾਲ ਵਿੱਚ ਵੀ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਬੀਤੀ ਦੇਰ ਸ਼ਾਮ ਸੋਹਾਣਾ ਪੁਲੀਸ ਨੇ ਪਿੰਡ ਨਾਨੂਮਾਜਰਾ-ਸੰਭਾਲਕੀ ਨੇੜਿਓ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ। ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮ੍ਰਿਤਕ ਨੌਜਵਾਨ ਸੁਖਪ੍ਰੀਤ ਸਿੰਘ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਸਰਾਫ ਨੂੰ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ।