ਪੰਜਾਬ: ਰਾਤ ਦੇ ਕਰਫਿਊ 1 ਜਨਵਰੀ ਤਕ ਵਾਧੇ ਦੇ ਹੁਕਮ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ’ਚ ਰਾਤ ਦਾ ਕਰਫਿਊ ’ਚ 1 ਜਨਵਰੀ ਤਕ ਵਾਧਾਉਣ ਦੇ ਹੁਕਮ ਦਿੱਤੇ ਹਨ। ਇਹ ਜਾਣਕਾਰੀ ਇੱਥੇ ਜਾਰੀ ਇੱਕ ਬਿਆਨ ’ਚ ਦਿੱਤੀ ਗਈ। ਕਰੋਨਾ ਮਹਾਮਾਰੀ ਦੇ ਫ਼ੈਲਾਅ ਤੋਂ ਬਚਾਅ ਦੇ ਮੱਦੇਨਜ਼ਰ ਪਹਿਲਾਂ ਰਾਤ (ਰਾਤ 10 ਤੋਂ ਸਵੇਰੇ 5 ਵਜੇ ਤਕ) ਦਾ ਇਹ ਕਰਫਿਊ ਪਹਿਲੀ ਦਸੰਬਰ ਤੋਂ 15 ਦਸੰਬਰ ਤਕ ਲਾਗੂ ਕੀਤਾ ਗਿਆ ਸੀ। ਵਿਆਹ ਅਤੇ ਹੋਰ ਸਮਾਰੋਹਾਂ ਵਿੱਚ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਵਿਆਹ ਸਮਾਰੋਹਾਂ ਵਿੱਚ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਨਿਯਮ ਉਲੰਘਣਾ ਵਾਲਿਆਂ ਨੂੰ ਜੁਰਮਾਨੇ ਲਗਾਉਣ ਦੇ ਨਿਰਦੇਸ਼ ਦਿੱਤੇ। ਜਾਰੀ ਹੁਕਮਾਂ ਮੁਤਾਬਕ 1 ਜਨਵਰੀ ਤਕ ਹੋਣ ਵਾਲੇ ਵਿਆਹ ਸਮਾਗਮਾਂ ’ਚ 100 ਤੋਂ ਵੱਧ ਜਦਕਿ ਬਾਹਰੀ ਸਥਾਨ (ਖੁੱਲ੍ਹੇ ਜਗ੍ਹਾ ’ਤੇ) ਹੋਣ ਵਾਲੇ ਸਮਾਗਮਾਂ ’ਚ 250 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਦੇ।