ਮਾਲਿਆ ਵੱਲੋਂ ਪੈਸੇ ਕਢਵਾਉਣ ਲਈ ਬਰਤਾਨਵੀ ਦੀ ਅਦਾਲਤ ’ਚ ਅਰਜ਼ੀ ਦਾਇਰ

ਲੰਡਨ : ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਨੇ ਅੱਜ ਬਰਤਾਨੀਆ ਦੀ ਇੱਕ ਅਦਾਲਤ ’ਚ ਅਰਜ਼ੀ ਦਾਇਰ ਕੀਤੀ। ਇਸ ਵਿੱਚ ਮਾਲਿਆ ਨੇ ਆਪਣੇ ਰਹਿਣ-ਸਹਿਣ ਦੇ ਖਰਚੇ ਅਤੇ ਕਾਨੂੰਨੀ ਫੀਸ ਦੇ ਭੁਗਤਾਨ ਲਈ ਕਾਨੂੰਨੀ ਕੰਟਰੋਲ ਹੇਠ ਪਈ ਕਈ ਲੱਖ ਪੌਂਡ ਦੀ ਰਕਮ ’ਚੋਂ ਕੁਝ ਪੈਸੇ ਕੱਢਵਾਉਣ ਦੀ ਛੋਟ ਦੇਣ ਦੀ ਬੇਨਤੀ ਕੀਤੀ ਹੈ। ਭਾਰਤੀ ਸਟੇਟ ਬੈਂਕ ਦੀ ਅਗਵਾਈ ਹੇਠ ਬੈਂਕਾਂ ਵੱਲੋਂ ਮਾਲਿਆ ਖ਼ਿਲਾਫ਼ ਦੀਵਾਲੀਆ ਕਾਰਵਾਈ ਦੇ ਚੱਲਦਿਆਂ ਇਹ ਧਨ ਅਦਾਲਤ ਦੇ ਕੰਟਰੋਲ ਹੇਠ ਹੈ। ਮਾਲਿਆ ਦੇ ਫਰਾਂਸ ਵਿੱਚ ਇੱਕ ਆਲੀਸ਼ਾਨ ਜਾਇਦਾਦ ਦੀ ਵਿੱਕਰੀ ਤੋਂ ਪ੍ਰਾਪਤ ਹੋਈ ਰਕਮ ਅਦਾਲਤ ਕੋਲ ਜਮ੍ਹਾਂ ਹੈ। ਦੀਵਾਲਾ ਮਾਮਲੇ ’ਚ ਹੇਠਲੀ ਅਦਾਲਤ ਦੇ ਜੱਜ ਰਾਬਰਟ ਚੈਫਰ ਨੇ ਅਦਾਲਤ ਕੋਲ ਜਮ੍ਹਾਂ ਧਨ ਵਿੱਚੋਂ ਮਾਲਿਆ ਨੂੰ ਆਪਣੇ ਖਰਚੇ ਲਈ ਪੈਸੇ ਕਢਵਾਉਣ ਲਈ ਛੋਟ ਦੇਣ ਤੋਂ ਇਨਕਾਰ ਦਿੱਤਾ ਹੈ। ਅਦਾਲਤ ਕੋਲ ਲੱਗਪਗ 15 ਲੱਖ ਪੌਂਡ ਦੀ ਰਕਮ ਜਮ੍ਹਾਂ ਹੈ। ਹਾਲਾਂਕਿ ਅਦਾਲਤ ਨੇ ਅਗਲੇ ਹਫ਼ਤੇ ਸ਼ੁੱਕਰਵਾਰ ਨੂੰ ਦੀਵਾਲਾ ਮਾਮਲੇ ’ਚ ਹੋਣ ਵਾਲੀ ਸੁਣਵਾਈ ਦੇ ਖਰਚੇ ਲਈ 2.40 ਲੱਖ ਪੌਂਡ ਜਮ੍ਹਾਂ ਵੈਟ ਰਾਸ਼ੀ ਜਾਰੀ ਕਰਨ ਦੀ ਆਗਿਆ ਦੇ ਦਿੱਤੀ ਹੈ। 

Leave a Reply

Your email address will not be published. Required fields are marked *