‘ਬਾਦਲ ਪਰਵਾਰ ਨੂੰ ਅਕਾਲੀ ਦਲ ਦੇ 100 ਸਾਲਾ ਮਨਾਉਣ ਕੋਈ ਹੱਕ ਨਹੀਂ’

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੱਜ 100 ਸਾਲ ਦਾ ਹੋ ਗਿਆ ਹੈ। ਇਸ ਦੀ 100 ਸਾਲਾ ਸ਼ਤਾਬਦੀ ਵੱਖ-ਵੱਖ ਧੜੇਬੰਦੀਆਂ ‘ਚ ਮਨਾਈ ਗਈ ਜਦ ਕਿਸਾਨ, ਮਜ਼ਦੂਰ ਅਪਣੇ ਹੱਕਾਂ ਲਈ ਤਿੱਖਾ ਸੰਘਰਸ਼ ਰਾਜਧਾਨੀ ਨਵੀ ਦਿੱਲੀ ਵਿਖੇ ਕਹਿਰ ਦੀ ਠੰਢ ‘ਚ ਕਰ ਰਿਹਾ ਹੈ। ਇਹ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਜਾਣ ਵਾਲੇ ਕੰਮ ਸਿੱਖ ਕਿਸਾਨਾਂ ਨੇ ਕਰਦਿਆਂ ਵਿਸ਼ਵ ‘ਚ ਵੱਖਰੀ ਪਛਾਣ ਬਣਾ ਲਈ ਹੈ, ਜਿਸ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਬਕ ਸਿਖਣਾ ਚਾਹੀਦਾ ਹੈ ਕਿ ਇਹ ਮਹਾਨ ਸੰਸਥਾਵਾਂ ਦੀ ਸ਼ਾਨ ਨੂੰ ਬਰਕਰਾਰ ਰਖਿਆ ਜਾਵੇ, ਜਿਨ੍ਹਾਂ ਦੀ ਕਦਰ ਪਹਿਲਾਂ ਵਰਗੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਨੂੰ ਅਕਾਲੀ ਦਲ ਦਾ 100 ਸਾਲਾ ਸ਼ਤਾਬਦੀ ਦਿਵਸ ਮਨਾਉਣ ਦਾ ਕੋਈ ਹੱਕ ਨਹੀਂ ਹੈ।
  ਉਨ੍ਹਾਂ ਇਹ ਵੀ ਆਖਿਆ ਕਿ ਇਹ ਦਿਹਾੜਾ ਮਨਾਉਣ ਲਈ ਏਕਤਾ ਚਾਹੀਦਾ ਸੀ ਪਰ ਬਾਦਲਾਂ ਨੇ ਅਕਾਲੀ ਦਲ ਨੂੰ ਅਪਣੇ ਤਕ ਹੀ ਸੀਮਤ ਰਖਿਆ। ਮੌਜੂਦਾ ਸੰਕਟ ‘ਚੋਂ ਸਿੱਖ ਕੌਮ ਨੂੰ ਕੱਢਣ ਲਈ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਸੋਹਣ ਸਿੰਘ ਜੋਸ਼, ਦਰਸ਼ਨ ਸਿੰਘ ਫੇਰੂਮਾਨ, ਜਥੇਦਾਰ ਮੋਹਣ ਸਿੰਘ ਤੁੱੜ, ਗਿਆਨੀ ਕਰਤਾਰ ਸਿੰਘ ਵਰਗੇ ਦਰਵੇਸ਼ ਸਿਆਸਤਦਾਨਾਂ ਦੀ ਸੋਚ ਵਾਲੇ ਆਗੂਆਂ ਦੀ ਲੋੜ ਹੈ। ਰਵੀਇੰਦਰ ਸਿੰਘ ਦਾ ਦੋਸ਼ ਹੈ ਕਿ ਬਾਦਲ ਪਰਵਾਰ ਤੋਂ ਲੋਕ ਖਿੱਝ ਚੁੱਕੇ ਹਨ। ਉਨ੍ਹਾਂ ਬਾਦਲਾਂ ਵਲੋਂ ਮਨਾਈ ਗਈ ਸ਼ਤਾਬਦੀ, ਅਪਣੀ ਪਾਰਟੀ ਦਾ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਅਸਲ ਕਿਸਾਨੀ ਦਿੱਲੀ ਵਿਚ ਅੰਦੋਲਨ ਕਰ ਰਹੀ ਹੈ। ਇਸ ਸਮੇਂ ਕੋਈ ਸਿਆਸੀ ਪਾਰਟੀ ਨਹੀਂ ਸਗੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹਨ ।

Leave a Reply

Your email address will not be published. Required fields are marked *