ਅਮਰੀਕਾ : ਉਡਾਣ ਲਈ ਤਿਆਰ ਜਹਾਜ਼ ਦੇ ਪਰ ‘ਤੇ ਚੜ੍ਹਿਆ ਇਕ ਸ਼ਖਸ

ਵਾਸ਼ਿੰਗਟਨ- ਅਮਰੀਕਾ ਦੇ ਲਾਸ ਵੇਗਾਸ ਵਿਚ 41 ਸਾਲਾ ਵਿਅਕਤੀ ਉਡਾਣ ਭਰਨ ਲਈ ਤਿਆਰ ਇਕ ਜਹਾਜ਼ ਦੇ ਪਰਾਂ ‘ਤੇ ਚੜ੍ਹ ਗਿਆ। ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ।
ਲਾਸ ਵੇਗਾਸ ਮੈਟ੍ਰੋਪੋਲੀਟਨ ਪੁਲਸ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੈਕਰਨ ਕੌਮਾਂਤਰੀ ਹਵਾਈ ਅੱਡੇ ‘ਤੇ ਇਕ ਵਿਅਕਤੀ ਅਲਾਸਕਾ ਏਅਰਲਾਈਨਜ਼ ਦੇ ਜਹਾਜ਼ ਦੇ ਪਰ ‘ਤੇ ਚੜ੍ਹ ਗਿਆ। ਉਡਾਣ ਵਿਚ ਸਵਾਰ ਇਕ ਯਾਤਰੀ ਐਰਿਨ ਇਵਾਂਸ ਨੇ ਦੱਸਿਆ ਕਿ ਵਿਅਕਤੀ ਜਹਾਜ਼ ਦੇ ਪਰ ‘ਤੇ ਤਕਰੀਬਨ 45 ਮਿੰਟ ਤੱਕ ਰਿਹਾ। ਲਾਸ ਵੇਗਾਸ ਤੋਂ ਪੋਰਟਲੈਂਡ ਜਾ ਰਹੇ ਜਹਾਜ਼ ਦੇ ਪਾਇਲਟ ਨੇ ਉਡਾਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਨੇੜੇ ਆਉਂਦੇ ਦੇਖਿਆ ਤੇ ਕੰਟਰੋਲ ਟਾਵਰ ਨੂੰ ਇਸ ਬਾਰੇ ਸੂਚਨਾ ਦਿੱਤੀ।
ਯਾਤਰੀ ਇਵਾਂਸ ਨੇ ਘਟਨਾ ਦਾ ਵੀਡੀਓ ਬਣਾਇਆ ਅਤੇ ਉਸ ਨੂੰ ਫੇਸਬੁੱਕ ‘ਤੇ ਪੋਸਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਜਹਾਜ਼ ਦੇ ਪਰਾਂ ‘ਤੇ ਦੇਖ ਕੇ ਹੈਰਾਨ ਰਹਿ ਗਏ। ਸਾਨੂੰ ਲੱਗਾ ਕਿ ਕਿਤੇ ਕੋਈ ਅੱਤਵਾਦੀ ਵਾਰਦਾਤ ਲਈ ਤਾਂ ਨਹੀਂ ਆਇਆ। ਇਸ ਦੌਰਾਨ ਯਾਤਰੀਆਂ ਨੂੰ ਜਹਾਜ਼ ਵਿਚ ਹੀ ਰਹਿਣ ਲਈ ਕਿਹਾ ਗਿਆ ਅਤੇ ਉਸ ਵਿਅਕਤੀ ਨੂੰ ਜਹਾਜ਼ ਦੇ ਪਰਾਂ ਤੋਂ ਉਤਰਨ ਲਈ ਕਿਹਾ ਗਿਆ। ਪੁਲਸ ਨੇ ਹਵਾਈ ਅੱਡੇ ਵਿਚ ਗਲਤ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ ਵਿਚ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਹ ਜਹਾਜ਼ ਦੇ ਪਰਾਂ ਤੱਕ ਕਿਵੇਂ ਪੁੱਜ ਗਿਆ।