ਜਲੰਧਰ: ਭਾਜਪਾ ਸਮਾਗਮਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਲਾਠੀਚਾਰਜ, ਕਈਆਂ ਦੀਆਂ ਪੱਗਾਂ ਲੱਥੀਆਂ

ਜਲੰਧਰ : ਇਥੇ ਭਾਜਪਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮਾਂ ਦਾ ਕਿਸਾਨਾਂ ਵੱਲੋਂ ਪ੍ਰਦਰਸ਼ਨ ਦੌਰਾਨ ਪੁਲੀਸ ਨੇ ਸਖ਼ਤੀ ਵਰਤਦਿਆ ਲਾਠੀਚਾਰਜ ਕੀਤਾ। ਇਸੇ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੌਰਾਨ ਕਈ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ। ਟਕਰਾਅ ਦੀ ਸਥਿਤ ਉਦੋਂ ਬਣ ਗਈ, ਜਦੋਂ ਕਿਸਾਨ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਸੀ ਤਾਂ ਪੁਲੀਸ ਵੱਲੋਂ ਲਾਏ ਗਏ ਬੈਰੀਕੇਡ ਤੋੜਦਿਆ ਜਦੋਂ ਕਿਸਾਨ ਅੱਗੇ ਵੱਧਣ ਲੱਗੇ ਤਾਂ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ। ਇਸੇ ਦੌਰਾਨ ਕਈ ਨੌਜਵਾਨ ਦੇ ਸੱਟਾਂ ਲੱਗੀਆਂ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਦੀ ਪੱਗ ਲਹਿ ਗਈ। ਰੋਹ ਵਿੱਚ ਆਏ ਕਿਸਾਨ ਆਗੂ ਕਸ਼ਮੀਰ ਸਿੰਘ ਨੇ ਕਿਹਾ ਕਿਸਾਨਾਂ ਦੀਆਂ ਪੱਗਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ’ਤੇ ਲਾਹੀਆਂ ਗਈਆਂ ਹਨ। ਇਸ ਘਟਨਾ ਵਿੱਚ ਜ਼ਖ਼ਮੀ ਸੁਖਵਿੰਦਰ ਸਿੰਘ ਉਰਫ ਦੀਪਾ ਨੇ ਦੋਸ਼ ਲਾਏ ਪੁਲੀਸ ਨੇ ਉਸ ਨੂੰ ਫੜ ਕੇ ਕੁੱਟਮਾਰ ਕੀਤੀ ਤੇ ਉਸ ਦੀ ਪੱਗ ਲਾਹੀ। ਕਿਸਾਨਾਂ ਤੇ ਮਜ਼ਦੂਰਾਂ ਨੇ ਅੱਜ ਭਾਜਪਾ ਆਗੂ ਤਿੰਨ ਥਾਵਾਂ `ਤੇ ਕੀਤੇ ਜਾ ਰਹੇ ਸਮਾਗਮਾਂ ਨੂੰ ਰੁਕਵਾਉਣ ਲਈ ਵਿਰੋਧ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਪੁਲੀਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਪੁਲੀਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਡੀਸੀਪੀ ਬਲਕਾਰ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਪੁਲੀਸ ਨੇ ਜੇ ਕੋਈ ਧੱਕਾ ਕੀਤਾ ਉਹ ਜਾਣ ਬੁਝ ਕੇ ਨਹੀਂ ਕੀਤਾ।

Leave a Reply

Your email address will not be published. Required fields are marked *