ਲਸ਼ਕਰ-ਏ-ਤੋਇਬਾ ਦਾ ਅਪਰੇਸ਼ਨਜ਼ ਕਮਾਂਡਰ ਲਖਵੀ ਗ੍ਰਿਫ਼ਤਾਰ

ਲਾਹੌਰ : ਮੁੰਬਈ ਹਮਲੇ ਦੇ ਕਥਿੱਤ ਦੋਸ਼ੀ ਅਤੇ ਲਸ਼ਕਰ-ਏ-ਤੋਇਬਾ ਦੇ ਅਪਰੇਸ਼ਨਜ਼ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਜ ਪਾਕਿਸਤਾਨ ਵਿੱਚ ਦਹਿਸ਼ਤੀ ਗਤੀਵਿਧੀਆਂ ਲਈ ਵਿੱਤ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਲਖਵੀ ਨੂੰ ਪੰਜਾਬ ਸੂਬੇ ਦੇ ਅਤਿਵਾਦ-ਵਿਰੋਧੀ ਵਿਭਾਗ (ਸੀਟੀਡੀ) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰੰਤੂ ਸੀਟੀਡੀ ਵਲੋਂ ਉਸ ਦੀ ਗ੍ਰਿਫ਼ਤਾਰੀ ਦੀ ਥਾਂ ਬਾਰੇ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਲਖਵੀ (61) ਨੂੰ ਲਾਹੌਰ ਸਥਿਤ ਸੀਟੀਡੀ ਦੇ ਪੁਲੀਸ ਸਟੇਸ਼ਨ ਵਿੱਚ ਦਰਜ ਕੇਸ ਸਬੰਧੀ ਕਾਬੂ ਕੀਤਾ ਗਿਆ ਹੈ। ਲਖਵੀ ਨੂੰ ਸੰਯੁਕਤ ਰਾਸ਼ਟਰ ਵਲੋਂ ਵੀ ਦਹਿਸ਼ਤਗਰਦ ਐਲਾਨਿਆ ਹੋਇਆ ਹੈ। ਉਸ ਖ਼ਿਲਾਫ਼ ਕੇਸ ਦੀ ਸੁਣਵਾਈ ਅਤਿਵਾਦ-ਵਿਰੋਧੀ ਅਦਾਲਤ ਲਾਹੌਰ ਵਿੱਚ ਹੋਵੇਗੀ।