ਅਸ਼ਵਨੀ ਸ਼ਰਮਾ ਦਾ ਵਿਰੋਧ: ਕਿਸਾਨਾਂ ਦੀ ਪੁਲੀਸ ਨਾਲ ਝੜਪ

ਸੰਗਰੂਰ : ਇਥੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਦਿਆਂ ਪੁਲੀਸ ਦੀ ਨਾਕੇਬੰਦੀ ਉਖਾੜਦਿਆਂ ਅੱਗੇ ਵਧ ਰਹੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਜਬਰਦਸਤ ਝੜਪ ਹੋਈ।
ਅੱਜ ਬਾਅਦ ਦੁਪਹਿਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇਥੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਦੇ ਘਰ ਪਾਰਟੀ ਵਰਕਰਾਂ ਦੀ ਮੀਟਿੰਗ ’ਚ ਭਾਗ ਲੈਣ ਪੁੱਜੇ ਸਨ। ਇਸ ਦੇ ਮੱਦੇਨਜ਼ਰ ਸ਼ਹਿਰ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਪਿੰਡ ਬਡਰੁੱਖਾਂ ਤੋਂ ਲੈ ਕੇ ਸ਼ਹਿਰ ’ਚ ਥਾਂ-ਥਾਂ ਪੁਲੀਸ ਤਾਇਨਾਤ ਸੀ। ਜ਼ਿਲ੍ਹਾ ਪ੍ਰਧਾਨ ਦੇ ਘਰ ਨੇੜੇ ਧੂਰੀ-ਪਟਿਆਲਾ ਬਾਈਪਾਸ ਸੜਕ ’ਤੇ ਪੁਲੀਸ ਨੇ ਦੋ ਪੜਾਵਾਂ ’ਚ ਵੱਡੇ-ਵੱਡੇ ਬੈਰੀਕੇਡ ਲਗਾ ਕੇ ਮਿੱਟੀ ਦੇ ਟੈਂਕਰ ਵੀ ਭਰ ਕੇ ਖੜ੍ਹੇ ਕੀਤੇ ਹੋਏ ਸਨ। ਅਸ਼ਵਨੀ ਸ਼ਰਮਾ ਦੇ ਪੁੱਜਣ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਪੁੱਜੇ ਕਿਸਾਨਾਂ ਨੇ ਪੁਲੀਸ ਦੀ ਨਾਕੇਬੰਦੀ ਅੱਗੇ ਧਰਨਾ ਲਗਾਉਂਦਿਆਂ ਅਸ਼ਵਨੀ ਸ਼ਰਮਾ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਵੱਡੇ-ਵੱਡੇ ਬੈਰੀਕੇਡ ਉਖਾੜ ਕੇ ਖਤਾਨਾਂ ਵਿੱਚ ਸੁੱਟ ਦਿੱਤੇ ਅਤੇ ਅੱਗੇ ਵਧਣ ਦੀ ਯਤਨ ਕੀਤਾ। ਇਸ ਮੌਕੇ ਪੁਲੀਸ ਤੇ ਕਿਸਾਨਾਂ ਵਿਚਕਾਰ ਜ਼ੋਰਦਾਰ ਝੜਪ ਹੋਈ। ਝੜਪ ਹੁੰਦੀ ਦੇਖ ਮੌਕੇ ’ਤੇ ਪੁੱਜੇ ਨੌਜਵਾਨ ਟਰੈਕਟਰ ਨਾਲ ਪੁਲੀਸ ਨੂੰ ਧੂਹਦਿਆਂ ਦੂਜੇ ਨਾਕੇਬੰਦੀ ਕੋਲ ਪੁੱਜ ਗਏ। ਇਸ ਮਗਰੋਂ ਰੋਹ ’ਚ ਆਈ ਪੁਲੀਸ ਸਭ ਤੋਂ ਮੂਹਰਲੇ ਟਰੈਕਟਰ ਚਾਲਕ ਕਿਸਾਨ ’ਤੇ ਟੁੱਟ ਕੇ ਪੈ ਗਈ ਅਤੇ ਅੱਗੇ ਵਧ ਰਹੇ ਕਿਸਾਨਾਂ ਉਪਰ ਲਾਠੀਚਾਰਜ ਕਰ ਦਿੱਤਾ ਅਤੇ ਟਰੈਕਟਰਾਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ। ਲਾਠੀਚਾਰਜ ਦੌਰਾਨ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਨੌਜਵਾਨ ਕਿਸਾਨ ਤੇ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਬਹਾਦਰਪੁਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਟਰਾਲੀ ’ਚ ਸਵਾਰ ਕੰਵਲਜੀਤ ਸਿੰਘ ਅਤੇ ਕਿਸਾਨ ਬੀਬੀ ਮਲਕੀਤ ਕੌਰ ਵਾਸੀ ਕਿਲਾਭਰੀਆਂ ਜ਼ਖ਼ਮੀ ਹੋ ਗਏ। ਹੋਰ ਵੀ ਕਈ ਕਿਸਾਨਾਂ ਦੇ ਸੱਟਾਂ ਲੱਗੀਆਂ। ਇਸ ਦੌਰਾਨ ਪੁਲੀਸ ਇੰਸਪੈਕਟਰ ਹਰਵਿੰਦਰ ਸਿੰਘ, ਕਾਂਸਟੇਬਲ ਹਰਪ੍ਰੀਤ ਸਿੰਘ ਅਤੇ ਬੇਅੰਤ ਸਿੰਘ ਵੀ ਜ਼ਖ਼ਮੀ ਹੋਏ ਹਨ। ਕਿਸਾਨਾਂ ਨੇ ਉਥੇ ਹੀ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ, ਅਸ਼ਵਨੀ ਸ਼ਰਮਾ ਅਤੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਮੰਗਵਾਲ, ਬੀਕੇਯੂ ਸਿੱਧੂਪੁਰ ਦੇ ਆਗੂ ਬਿਕਰਮਜੀਤ ਸਿੰਘ, ਬੀਕੇਯੂ ਰਾਜੇਵਾਲ ਦੇ ਬਲਵਿੰਦਰ ਸਿੰਘ ਬਡਰੁੱਖਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਦੀਪ ਸਿੰਘ ਬਹਾਦਰਪੁਰ ਨੇ ਕਿਸਾਨਾਂ ’ਤੇ ਪੁਲੀਸ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਪੰਜਾਬ ਦਾ ਮਾਹੌਲ ਖਰਾਬ ਕਰਨ ’ਤੇ ਤੁਲੀ ਹੋਈ ਹੈ। ਕਿਸਾਨਾਂ ਦੇ ਵਿਰੋਧ ਕਾਰਨ ਜਾਣ-ਬੁੱਝ ਕੇ ਭਾਜਪਾ ਆਗੂ ਮੀਟਿੰਗਾਂ ਕਰ ਰਹੇ ਹਨ, ਜਦੋਂ ਕਿ ਭਾਜਪਾ ਦੀਆਂ ਮੀਟਿੰਗਾਂ ਅਤੇ ਸਮਾਗਮਾਂ ਦਾ ਬਾਈਕਾਟ ਜਾਰੀ ਰਹੇਗਾ। ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਪੁਲੀਸ ਲਾਠੀਚਾਰਜ ਤੋਂ ਇਨਕਾਰ ਕਰਦਿਆਂ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਕੁੱਝ ਖਿੱਚ-ਧੂਹ ਜ਼ਰੂਰ ਹੋਈ ਹੈ, ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਜਨੀਤਕ ਦਲਾਂ ਨੂੰ ਮੀਟਿੰਗਾਂ ਕਰਨ ਦਾ ਹੱਕ: ਅਸ਼ਵਨੀ ਸ਼ਰਮਾ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਤੰਤਰ ’ਚ ਵਿਰੋਧ ਪ੍ਰਦਰਸ਼ਨ ਕਰਨਾ ਸਭ ਦਾ ਹੱਕ ਹੈ ਅਤੇ ਰਾਜਨੀਤਕ ਦਲਾਂ ਨੂੰ ਵੀ ਮੀਟਿੰਗਾਂ ਕਰਨ ਦਾ ਹੱਕ ਹੈ। ਰਾਜਨੀਤਕ ਪਾਰਟੀ ਦੀ ਆਵਾਜ਼ ਬੰਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨ ਅਜਿਹਾ ਨਹੀਂ ਕਰ ਰਹੇ ਪਰ ਕੁੱਝ ਸ਼ਰਾਰਤੀ ਲੋਕ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਹੱਕ ਵਿੱਚ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਲਕੇ 4 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਮਾਮਲਾ ਹੱਲ ਹੋ ਜਾਵੇਗਾ।