ਵਿਆਹ ਵਿੱਚ ਲੱਗੇ ਕਿਸਾਨ ਪੱਖੀ ਨਾਅਰੇ

ਮਹਿਲ ਕਲਾਂ : ਕਿਸਾਨੀ ਸੰਘਰਸ਼ ਦਾ ਰੰਗ ਹੁਣ ਪੰਜਾਬ ਦੀ ਜਵਾਨੀ ’ਤੇ ਸਾਫ ਨਜ਼ਰ ਆ ਰਿਹਾ ਹੈ। ਇਸੇ ਤਹਿਤ ਪਾਵਰਕੌਮ ਸਬ ਡਿਵੀਜ਼ਨ ਮਹਿਲ ਕਲਾਂ ਵਿੱਚ ਜੇਈ ਵਜੋਂ ਤਾਇਨਾਤ ਪਿੰਡ ਠੀਕਰੀਵਾਲ ਦੇ ਜਗਦੀਪ ਸਿੰਘ ਦੀ ਬਰਾਤ ਅੱਜ ਗੱਡੀਆਂ ’ਤੇ ਕਿਸਾਨੀ ਝੰਡੇ ਲਾ ਕੇ ਨਾਅਰੇਬਾਜ਼ੀ ਕਰਦਿਆਂ ਰਵਾਨਾ ਹੋਈ। ਬਰਾਤ ਸਭ ਤੋਂ ਪਹਿਲਾਂ ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਪਹੁੰਚੀ, ਜਿੱਥੇ ਲਾੜੇ ਸਮੇਤ ਬਰਾਤੀਆਂ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਵਿਆਹ ਵਾਲੇ ਲੜਕੇ ਜਗਦੀਪ ਸਿੰਘ ਠੀਕਰੀਵਾਲ ਨੇ ਕਿਹਾ ਕਿ ਅੱਜ ਜਦੋਂ ਪੂਰੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਤਾਂ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਸ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਢੰਗ ਨਾਲ ਇੱਕਜੁਟਤਾ ਜ਼ਾਹਰ ਕੀਤੀ ਹੈ। ਇਸ ਮੌਕੇ ਲਾੜੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ 11,000 ਰੁਪਏ ਵੀ ਭੇਟ ਕੀਤੇ ਗਏ।