ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਵੱਲੋਂ ਦਿੱਲੀ ਨੂੰ ਚਾਲੇ

Farmers shout slogans as they depart for Delhi to participate in a continuing demonstration against the central government’s recent agricultural reforms in Amritsar on Tuesday photo vishal kumar

ਅੰਮ੍ਰਿਤਸਰ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਵਿਚ ਕੀਤੇ ਜਾਣ ਵਾਲੀ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦਾ ਇਕ ਵੱਡਾ ਕਾਫਲਾ ਦਿੱਲੀ ਵਾਸਤੇ ਰਵਾਨਾ ਹੋਇਆ। ਇਸ ਦੌਰਾਨ ਜਥੇਬੰਦੀ ਨੇ ਦੋ ਭਾਜਪਾ ਆਗੂਆਂ ਦੇ ਸਮਾਜਿਕ ਬਾਈਕਾਟ ਦੇ ਫ਼ੈਸਲੇ ਦੀ ਵੀ ਹਮਾਇਤ ਕੀਤੀ। ਕਿਸਾਨਾਂ ਦਾ ਇਹ ਕਾਫ਼ਲਾ ਅੱਜ ਸਵੇਰੇ ਸਥਾਨਕ ਗੋਲਡਨ ਗੇਟ ਤੋਂ ਜੈਕਾਰਿਆਂ ਤੇ ਨਾਅਰਿਆਂ ਦੀ ਗੂੰਜ ਹੇਠ ਰਵਾਨਾ ਹੋਇਆ। ਇਸ ਦੀ ਅਗਵਾਈ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਕਰ ਰਹੇ ਸਨ। ਰਵਾਨਗੀ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਪੰਧੇਰ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਹਰਿਆਣਾ ’ਚ ਭਾਜਪਾ ਦੀ ਰੈਲੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣ ਸਮੇਂ ਇਕ ਪ੍ਰਤੱਖ ਪ੍ਰਮਾਣ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਕੁਝ ਲੱਠਮਾਰ ਇਸ ਮੌਕੇ ਕਿਸਾਨਾਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੌਜਵਾਨਾਂ ਨੂੰ ਉਕਸਾਇਆ ਤੇ ਧਮਕਾਇਆ ਵੀ ਤਾਂ ਜੋ ਝਗੜਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਅਤੇ ਇਸੇ ਤਰ੍ਹਾਂ ਚੱਲਦਾ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਸਾਜ਼ਿਸ਼ਾਂ ਨੂੰ ਮੀਡੀਆ ਸਾਹਮਣੇ ਲਿਆਉਣ ਦੀ ਲੋੜ ਹੈ। ਕਿਸਾਨ ਜਥੇਬੰਦੀਆਂ ਵਲੋਂ ਦੋ ਭਾਜਪਾ ਆਗੂਆਂ ਦੇ ਸਮਾਜਿਕ ਬਾਈਕਾਟ ਦੇ ਦਿੱਤੇ ਸੱਦੇ ਦੀ ਹਮਾਇਤ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਭਾਜਪਾ ਆਗੂਆਂ ਦਾ ਪਿੰਡਾਂ ਵਿੱਚ ਮੁਕੰਮਲ ਬਾਈਕਾਟ ਕੀਤਾ ਜਾਵੇ। ਖੇਤੀ ਕਾਨੂੰਨਾਂ ਬਾਰੇ ਚੱਲ ਰਹੀ ਅਦਾਲਤੀ ਕਾਰਵਾਈ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰਦਿਆਂ ਕਿਸਾਨ ਆਗੂ ਨੇ ਆਖਿਆ ਕਿ ਜਦੋਂ ਤੱਕ ਅਦਾਲਤੀ ਫ਼ੈਸਲੇ ਬਾਰੇ ਲਿਖਤੀ ਰੂਪ ਵਿਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਇਸ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੋਰ ਜਥੇ ਵੀ ਇਸ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਇੱਥੋਂ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤਕ ਇਹ ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਰਸਤੇ ਵਿਚ ਵੱਖ ਵੱਖ ਥਾਵਾਂ ਤੋਂ ਕਾਫਲੇ ਵਿਚ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਸ਼ਾਮਲ ਹੋਈਆਂ। 

Leave a Reply

Your email address will not be published. Required fields are marked *