ਕਿਸਾਨ ਅੰਦੋਲਨ ਦੀ ਭੇਟ ਚੜ੍ਹੇ ਤਿੰਨ ਹੋਰ ਕਿਸਾਨ

ਚੰਡੀਗੜ੍ਹ : ਫ਼ਿਰੋਜ਼ਪੁਰ : ਦਿੱਲੀ ਅੰਦੋਲਨ ਵਿਚ ਕਿਸਾਨਾਂ ਵਾਸਤੇ ਲੰਗਰ ਲੈ ਕੇ ਗਏ ਫ਼ਿਰੋਜ਼ਪੁਰ ਦੇ ਇੱਕ ਬਜ਼ੁਰਗ ਕਿਸਾਨ ਹਰਦੇਵ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਬਾਲੇ ਵਾਲਾ ਦੀ ਅੱਜ ਮੌਤ ਹੋ ਗਈ। ਪ੍ਰਾਪਤ ਵੇਰਵਿਆਂ ਮੁਤਾਬਿਕ ਹਰਦੇਵ ਸਿੰਘ 12 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਦੀ ਮਾਨਸਾ ਇਕਾਈ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗਏ ਜਥੇ ਨਾਲ ਦਿੱਲੀ ਦੇ ਟਿਕਰੀ ਬਾਰਡਰ ’ਤੇ ਲੰਗਰ ਲੈ ਕੇ ਗਿਆ ਸੀ। ਇਸ ਦੌਰਾਨ ਉਸ ਦੀ ਤਬੀਅਤ ਖਰਾਬ ਹੋ ਗਈ। ਲੰਘੇ ਦਿਨ ਕੁਝ ਕਿਸਾਨ ਉਸ ਨੂੰ ਵਾਪਸ ਲਿਆ ਰਹੇ ਸਨ ਪਰ ਰਾਹ ਵਿਚ ਹੀ ਇਸ ਕਿਸਾਨ ਨੇ ਦਮ ਤੋੜ ਦਿੱਤਾ। 

ਅਮਰਗੜ੍ਹ : ਕਰਮਜੀਤ ਸਿੰਘ (43) ਪਿੰਡ ਰਾਏਪੁਰ 4 ਦਿਨ ਪਹਿਲਾ ਪਿੰਡ ਦੇ ਕਿਸਾਨਾਂ ਨਾਲ ਟਿਕਰੀ ਬਾਰਡਰ ’ਤੇ ਗਿਆ ਸੀ। ਲੋਹੜੀ ਦੀ ਸ਼ਾਮ ਨੂੰ ਸਿਹਤ ਵਿਗੜਨ ਕਾਰਨ ਉਸ ਨੂੰ ਪਿੰਡ ਵਾਪਿਸ ਲਿਆਂਦਾ ਜਾ ਰਿਹਾ ਸੀ ਪਰ ਰਸਤੇ ’ਚ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਨਾਭਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਤਿੰਨ ਏਕੜ ਜ਼ਮੀਨ ਦਾ ਮਾਲਕ ਕਰਮਜੀਤ ਸਿਘ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਜੁੜਿਆ ਹੋਇਆ ਸੀ। 

ਰਾਜਪੁਰਾ : ਦਿੱਲੀ ਅੰਦੋਲਨ ਤੋਂ ਪਰਤੇ ਦਵਿੰਦਰ ਸਿੰਘ (38) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਤੇ ਪਿੰਡ ਮੰਡੌਲੀ ਦੇ ਸਾਬਕਾ ਸਰਪੰਚ ਕਾਮਰੇਡ ਜਗਪਾਲ ਸਿੰਘ ਨੇ  ਦੱਸਿਆ ਕਿ ਉਹ, ਦਵਿੰਦਰ ਸਿੰਘ ਅਤੇ ਉਸ ਦਾ ਪੁੱਤਰ ਸ਼ੈਰੀ (16) ਦਿੱਲੀ  ਦੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਸ਼ਾਮਿਲ ਸਨ। ਸਿਹਤ ਠੀਕ ਨਾ ਹੋਣ ਕਾਰਨ ਦੋ ਦਿਨ  ਪਹਿਲਾਂ ਹੀ ਦਵਿੰਦਰ ਸਿੰਘ ਪਿੰਡ ਪਰਤਿਆ ਸੀ। ਲੰਘੀ ਦੁਪਹਿਰ ਦਵਿੰਦਰ ਸਿੰਘ  ਦਵਾਈ ਲੈਣ ਹਸਪਤਾਲ ਜਾਣ ਲੱਗਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ  ਮੌਤ ਹੋ ਗਈ।

ਕਿਸਾਨ ਮੋਰਚੇ ਤੋਂ ਪਰਤੇ ਮਜ਼ਦੂਰ ਦੀ ਮੌਤ

ਫਿਲੌਰ : ਨਜ਼ਦੀਕੀ ਪਿੰਡ ਅਕਲਪੁਰ ’ਚ ਕਿਸਾਨ ਮੋਰਚੇ ਤੋਂ ਪਰਤੇ ਮਜ਼ਦੂਰ ਦੀ ਮੌਤ ਹੋ ਗਈ। ਪਿੰਡ ਅਕਲਪੁਰ ਦੇ ਸਰਪੰਚ ਪਰਮਜੀਤ ਸਿੰਘ ਅਕਲਪੁਰ ਨੇ ਦੱਸਿਆ ਕਿ ਗ਼ਰੀਬ ਦਾਸ ਪੁੱਤਰ ਅਨੰਤ ਰਾਮ ਵਾਸੀ ਪਿੰਡ ਅਕਲਪੁਰ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਮਜ਼ਦੂਰੀ ਕਰਦਾ ਸੀ ਅਤੇ ਉਹ ਬੀਤੇ ਦਿਨ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਦਿੱਲੀ ਗਿਆ ਸੀ। ਉਹ ਦੋ ਦਿਨ ਦਿੱਲੀ ਰਿਹਾ, ਜਿੱਥੇ ਉਸ ਦੀ ਸਿਹਤ ਖ਼ਰਾਬ ਹੋ ਗਈ। ਉਹ ਵਾਪਸ ਪਿੰਡ ਆ ਗਿਆ ਜਿੱਥੇ ਅੱਜ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *